ਟਰੰਪ ਨੇ ਅਲਟੀਮੇਟਮ ਵਧਾਇਆ

ਟਰੰਪ ਨੇ ਅਲਟੀਮੇਟਮ ਵਧਾਇਆ

ਦੁਬੲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਣਨੀਤਕ ਤੌਰ ’ਤੇ ਅਹਿਮ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਇਰਾਨ ਨੂੰ 6 ਅਪਰੈਲ ਤੱਕ ਦਾ ਹੋਰ ਸਮਾਂ ਦਿੱਤਾ ਹੈ।ਉਨ੍ਹਾਂ ਉਦੋਂ ਤੱਕ ਇਰਾਨ ਦੇ ਊਰਜਾ ਪਲਾਂਟਾਂ ’ਤੇ ਹਮਲੇ ਨਾ ਕਰਨ ਦਾ ਐਲਾਨ ਕੀਤਾ ਹੈ ਪਰ ਇਜ਼ਰਾਈਲ ਨੇ ਇਰਾਨ ਦੇ ਯਜ਼ਾਦ ਸਥਿਤ ਪਰਮਾਣੂ ਕੇਂਦਰ ’ਤੇ ਹਮਲਾ ਕਰ ਕੇ ਉਸ ਉਪਰ ਦਬਾਅ ਬਣਾ ਦਿੱਤਾ ਹੈ।

ਇਜ਼ਰਾਈਲ ਦੇ ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ਇਰਾਨ ’ਤੇ ਹੋਰ ਜ਼ੋਰਦਾਰ ਤੇ ਵਿਆਪਕ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਰਾਨ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਸ ਦਾ ਉਸ ਨੂੰ ਭਾਰੀ ਨੁਕਸਾਨ ਸਹਿਣਾ ਪਵੇਗਾ। ਇਜ਼ਰਾਈਲ ਵੱਲੋਂ ਲਿਬਨਾਨ ’ਚ ਵੀ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਤਹਿਸ-ਨਹਿਸ ਕਰਨ ਦੇ ਨਾਮ ’ਤੇ ਉਥੇ ਜ਼ਮੀਨੀ ਹਮਲੇ ਕਰ ਕੇ ਇਲਾਕਿਆਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ। ਲਿਬਨਾਨ ਨੂੰ ਖ਼ਦਸ਼ਾ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਚ ਅਪਣਾਈ ਗਈ ਰਣਨੀਤੀ ਤਹਿਤ ਉਸ ਨੂੰ ਵੀ ਤਬਾਹ ਕਰ ਦਿੱਤਾ ਜਾਵੇਗਾ।

ਇਰਾਨ ਵੱਲੋਂ ਟਰੰਪ ਦੀ 15 ਨੁਕਾਤੀ ਜੰਗਬੰਦੀ ਯੋਜਨਾ ਨਕਾਰਨ ਅਤੇ ਆਪਣੀਆਂ ਪੰਜ ਸ਼ਰਤਾਂ ਰੱਖੇ ਜਾਣ ਦੇ ਬਾਵਜੂਦ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਜੰਗ ਖ਼ਤਮ ਕਰਨ ਲਈ ਤਰਲੇ ਕੱਢ ਰਿਹਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਜੰਗ ਖ਼ਤਮ ਕਰਨ ਲਈ ਵਾਰਤਾ ਲੀਹ ’ਤੇ ਹੈ। ਇਰਾਨੀ ਆਗੂਆਂ ਨੇ ਸੱਤ ਦਿਨ ਦਾ ਹੋਰ ਸਮਾਂ ਮੰਗਿਆ ਸੀ ਪਰ ਉਹ ਉਨ੍ਹਾਂ ਨੂੰ ਹਰਮੁਜ਼ ਖੋਲ੍ਹਣ ਲਈ 10 ਹੋਰ ਦਿਨ ਦੇਣਗੇ। ਟਰੰਪ ਨੇ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਅਮਰੀਕੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਡਿੱਗਿਆ ਅਤੇ ਤੇਲ ਦੀਆਂ ਕੀਮਤਾਂ ਚੜ੍ਹ ਗਈਆਂ। ਵਾਲ ਸਟਰੀਟ ਨੂੰ ਜੰਗ ਛੇਤੀ ਰੁਕਣ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਦਰਮਿਆਨ ਟਰੰਪ ਆਪਣੇ ਫ਼ੈਸਲਿਆਂ ਤੋਂ ਪਲਟਿਆ ਹੋਵੇ।

ਇਜ਼ਰਾਇਲੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਤਹਿਰਾਨ ਦੇ ਧੁਰ ਅੰਦਰ ਤੱਕ ਜ਼ੋਰਦਾਰ ਹਮਲੇ ਕੀਤੇ ਹਨ। ਬੈਰੂਤ ਦੇ ਆਸਮਾਨ ’ਤੇ ਵੀ ਧੂੰਆਂ ਉੱਠਦਾ ਦਿਖਾਈ ਦਿੱਤਾ। ਕੁਵੈਤ ਨੇ ਕਿਹਾ ਕਿ ਉਸ ਨੇ ਇਰਾਨੀ ਡਰੋਨ ਫੁੰਡੇ ਹਨ। ਦੁਬਈ ’ਚ ਵੀ ਸਾਇਰਨ ਵਜਦੇ ਰਹੇ ਪਰ ਕਿਸੇ ਧਮਾਕੇ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਇਰਾਨ ਵੱਲੋਂ 10 ਹਮਲੇ ਕੀਤੇ ਗਏ ਜਿਨ੍ਹਾਂ ਨੂੰ ਨਾਕਾਮ ਬਣਾ ਦਿੱਤਾ ਗਿਆ। ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ। ਲਿਬਨਾਨ ਦੇ ਤੱਟੀ ਸ਼ਹਿਰ ਟਾਇਰ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਮਗਰੋਂ ਉਹ ਵੀਰਾਨ ਹੋ ਗਿਆ ਹੈ। ਇਜ਼ਰਾਈਲ ਨੇ ਟਾਇਰ ਸਮੇਤ ਲਿਤਾਨੀ ’ਚ ਪੁਲਾਂ ਨੂੰ ਤਬਾਹ ਕਰ ਦਿੱਤਾ ਜਿਸ ਨਾਲ ਸ਼ਹਿਰਾਂ ਦਾ ਸੰਪਰਕ ਲਿਬਨਾਨ ਤੋਂ ਕੱਟ ਗਿਆ ਹੈ।

ਇਸ ਦੌਰਾਨ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਏਜੰਸੀ ਦੇ ਸਿਖਰਲੇ ਆਰਥਿਕ ਮਾਹਿਰ ਮੈਕਸਿਮੋ ਟੋਰੇਰੋ ਨੇ ਚਿਤਾਵਨੀ ਦਿੱਤੀ ਕਿ ਜੇ ਜੰਗ ਅਗਲੇ ਦੋ ਕੁ ਹਫ਼ਤਿਆਂ ’ਚ ਖ਼ਤਮ ਨਾ ਹੋਈ ਅਤੇ ਇਹ 3 ਤੋਂ 6 ਮਹੀਨਿਆਂ ਤੱਕ ਚੱਲੀ ਤਾਂ ਇਸ ਦਾ ਨਾ ਖੁਰਾਕ ਸੁਰੱਖਿਆ ਅਤੇ ਊਰਜਾ ’ਤੇ ਹੀ ਨਹੀਂ ਸਗੋਂ ਹੋਰ ਸੈਕਟਰਾਂ ’ਤੇ ਵੀ ਮਾੜਾ ਅਸਰ ਪਵੇਗਾ। ਅਲ ਨੀਨੋ ਦੇ ਅਸਰ ਨਾਲ ਵੀ ਅਰਥਚਾਰਿਆਂ ’ਤੇ ਪ੍ਰਭਾਵ ਪਵੇਗਾ। ਇਰਾਨ ਨੇ ਸੰਯੁਕਤ ਰਾਸ਼ਟਰ ਨੂੰ ਪੱਤਰ ਲਿਖ ਕੇ ਆਪਣੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਅਤੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ।

ਇਜ਼ਰਾਈਲ ਨੂੰ ਜਵਾਨਾਂ ਦੀ ਲੋੜ

ਤਲ ਅਵੀਵ: ਇਜ਼ਰਾਈਲ ਨੂੰ 15 ਹਜ਼ਾਰ ਜਵਾਨਾਂ ਦੀ ਲੋੜ ਹੈ ਜੋ ਉਸ ਨੇ ਆਪਣੇ ਵੱਖ-ਵੱਖ ਮੋਰਚਿਆਂ ’ਤੇ ਭੇਜਣੇ ਹਨ। ਫੌਜੀ ਤਰਜਮਾਨ ਬ੍ਰਿਗੇਡੀਅਰ ਜਨਰਲ ਐਫੀ ਡੇਫ੍ਰਿਨ ਨੇ ਕਿਹਾ ਕਿ ਕਈ ਫੌਜੀ ਘਰਾਂ ਨੂੰ ਪਰਤ ਗਏ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਹਜ਼ਾਰਾਂ ਰਾਖਵੇਂ ਸੈਨਿਕਾਂ ਨੂੰ ਸੱਦਿਆ ਜਾਵੇਗਾ। ਇਜ਼ਰਾਇਲੀ ਫੌਜੀ ਵੱਖ-ਵੱਖ ਮੋਰਚਿਆਂ ’ਤੇ ਲੜਦੇ-ਲੜਦੇ ਥੱਕ ਗਏ ਹਨ ਅਤੇ ਉਹ ਹੁਣ ਪਰਿਵਾਰਾਂ ਕੋਲ ਜਾ ਕੇ ਆਰਾਮ ਕਰਨਾ ਚਾਹੁੰਦੇ ਹਨ।

Share: