ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਈਂਧਨ ਪਰਚੂਨ ਵਿਕਰੇਤਾ ਨਾਇਰਾ ਐਨਰਜੀ ਨੇ ਆਪਣੇ ਪੈਟਰੋਲ ਪੰਪਾਂ ’ਤੇ ਪੈਟਰੋਲ 5 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 3 ਰੁਪਏ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਹੈ। ਉਨ੍ਹਾਂ ਤੇਲ ਕੀਮਤਾਂ ’ਚ ਵਾਧੇ ਲਈ ਮੱਧ ਪੂਰਬ ਸੰਕਟ ਕਰ ਕੇ ਆਲਮੀ ਪੱਧਰ ’ਤੇ ਤੇਲ ਕੀਮਤਾਂ ਵਧਣ ਦਾ ਹਵਾਲਾ ਦਿੱਤਾ ਹੈ। ਨਾਇਰਾ ਐਨਰਜੀ ਭਾਰਤ ਦੇ ਕੁੱਲ 1,02,075 ਪੈਟਰੋਲ ਪੰਪਾਂ ’ਚੋਂ 6,967 ਪੰਪ ਚਲਾਉਂਦੀ ਹੈ। ਇਸ ਵਾਧੇ ਨਾਲ ਨਾਇਰਾ ਪੰਪਾਂ ’ਤੇ ਹੁਣ ਪੈਟਰੋਲ ਦਾ ਭਾਅ 100.71 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 91.31 ਰੁਪਏ ਪ੍ਰਤੀ ਲਿਟਰ ਨੂੰ ਪਹੁੰਚ ਗਿਆ ਹੈ। ਨਾਇਰਾ ਐਨਰਜੀ ਦੇ ਪੰਜਾਬ ਵਿੱਚ ਦਰਜਨ ਤੋਂ ਵੱਧ ਪੈਟਰੋਲ ਪੰਪ ਹਨ।
ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਕੱਚੇ ਤੇਲ ਦੀ ਸਪਲਾਈ ਵਿੱਚ ਅੜਿੱਕੇ ਨੇ ਉਦਯੋਗ ਲਈ ਬੇਮਿਸਾਲ ਚੁਣੌਤੀਆਂ ਪੈਦਾ ਕੀਤੀਆਂ ਹਨ। ਇਸ ਨਾਲ ਈਂਧਣ ਵੰਡ ਅਤੇ ਉਪਲਬਧਤਾ ਦੇ ਕਈ ਪਹਿਲੂਆਂ ’ਤੇ ਅਸਰ ਪਿਆ ਹੈ। ਨਾਇਰਾ ਦੇ ਇਕ ਵੱਡੇ ਹਿੱਸੇ ਦੀ ਮਾਲਕੀ ਰੂਸ ਦੀ ਰੋਸਨੈਫਟ ਕੋਲ ਹੈ। ਸੂੂਤਰਾਂ ਮੁਤਾਬਕ ਨਿੱਜੀ ਈਂਧਣ ਪਰਚੂਨ ਵਿਕਰੇਤਾਵਾਂ ਨੂੰ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਕੋਈ ਸਰਕਾਰੀ ਮੁਆਵਜ਼ਾ ਨਹੀਂ ਮਿਲਦਾ। ਲਿਹਾਜ਼ਾ ਨੁਕਸਾਨ ਦੀ ਪੂਰਤੀ ਲਈ ਕੀਮਤਾਂ ਵਧਾਉਣ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ ਹੈ। ਅਪਰੈਲ 2022 ਤੋਂ ਪੈਟਰੋਲ ਤੇ ਡੀਜ਼ਲ ਦੀਆਂ ਪਰਚੂਨ ਕੀਮਤਾਂ ’ਚ ਕੋਈ ਫੇਰਬਦਲ ਨਹੀਂ ਹੋਇਆ। ਸਰਕਾਰੀ ਮਾਲਕੀ ਵਾਲੇ ਤਿੰਨ ਪਰਚੂਨ ਵਿਕਰੇਤਾਵਾਂ (ਆਈ ਓ ਸੀ, ਬੀ ਪੀ ਸੀ ਐੱਲ ਅਤੇ ਐੱਚ ਪੀ ਸੀ ਐੱਲ) ਨੇ ਪਿਛਲੇ ਹਫ਼ਤੇ ਪ੍ਰੀਮੀਅਮ ਪੈਟਰੋਲ ’ਚ 2 ਰੁਪਏ ਪ੍ਰਤੀ ਲਿਟਰ ਤੇ ਬਲਕ ਡੀਜ਼ਲ ਦੇ ਭਾਅ ’ਚ 22 ਰੁਪਏ ਪ੍ਰਤੀ ਲਿਟਰ ਦਾ ਇਜ਼ਾਫ਼ਾ ਕੀਤਾ ਸੀ।

