ਸਰਕਾਰ ਜੰਗ ਜਲਦੀ ਖ਼ਤਮ ਕਰਨ ਦੀ ਹਾਮੀ

ਸਰਕਾਰ ਜੰਗ ਜਲਦੀ ਖ਼ਤਮ ਕਰਨ ਦੀ ਹਾਮੀ

ਨਵੀਂ ਦਿੱਲੀ: ਸਰਕਾਰ ਨੇ ਅੱਜ ਸਰਬ ਪਾਰਟੀ ਬੈਠਕ ਦੌਰਾਨ ਕਿਹਾ ਕਿ ਖਾੜੀ ਮੁਲਕਾਂ ਵਿੱਚ ਰਹਿੰਦੇ ਪਰਵਾਸੀ ਭਾਰਤੀਆਂ ਦੀ ਸੁਰੱਖਿਆ ਤੇ ਘਰੇਲੂ ਊਰਜਾ ਲੋੜਾਂ ਦੀ ਪੂਰਤੀ ਉਸ ਦੀ ਸਿਖਰਲੀ ਤਰਜੀਹ ਹੈ ਤੇ ਇਸ ਮੁਹਾਜ਼ ਉੱਤੇ ਹੁਣ ਤੱਕ ਸਫਲ ਵੀ ਰਹੀ ਹੈ। ਸਰਕਾਰ ਨੇ ਕਿਹਾ ਕਿ ਉਹ ਪੱਛਮੀ ਏਸ਼ੀਆ ਜੰਗ ਜਲਦੀ ਖ਼ਤਮ ਕੀਤੇ ਜਾਣ ਦੀ ਹਾਮੀ ਹੈ ਤੇ ਇਸ ਲਈ ਕੋਸ਼ਿਸ਼ਾਂ ਜਾਰੀ ਹਨ। ਸਰਕਾਰ ਨੇ ਸਾਫ਼ ਕੀਤਾ ਕਿ ਤੇਲ ਤੇ ਗੈਸ ਬਾਰੇ ਘਬਰਾਉਣ ਦੀ ਲੋੜ ਨਹੀਂ। ਦੇਸ਼ ਕੋਲ ਲੋੜੀਂਦੇ ਭੰਡਾਰ ਮੌਜੂਦ ਹਨ ਹਨ। ਜਲਦੀ ਹੀ ਹੋਰ ਕੱਚਾ ਤੇਲ ਤੇ ਗੈਸ ਪੁੱਜ ਰਹੀ ਹੈ। ਸਰਕਾਰ ਨੇ ਪਾਕਿਸਤਾਨ ਨੂੰ ‘ਦਲਾਲ’ ਮੁਲਕ ਦੱਸਦਿਆਂ ਕਿਹਾ ਕਿ ‘ਅਸੀਂ ਉਸ ਵਰਗੇ ਨਹੀਂ ਹਾਂ।’ ਉਧਰ, ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਜਵਾਬ ਨੂੰ ‘ਗ਼ੈਰ-ਤਸੱਲੀਬਖ਼ਸ਼’ ਦੱਸਦਿਆਂ ਪੱਛਮੀ ਏਸ਼ੀਆ ਹਾਲਾਤ ਬਾਰੇ ਸੰਸਦ ਦੇ ਦੋਵਾਂ ਸਦਨਾਂ ’ਚ ਚਰਚਾ ਦੀ ਮੰਗ ਕੀਤੀ।

ਸਰਕਾਰ ਨੇ ਸਰਬ ਪਾਰਟੀ ਬੈਠਕ ਦੌਰਾਨ ਵਿਰੋਧੀ ਧਿਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜੰਗ ਜਲਦੀ ਖ਼ਤਮ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਾਰਿਆਂ ਲਈ ਨੁਕਸਾਨਦਾਇਕ ਹੈ। ਜੰਗ ਰੋਕਣ ਲਈ ਪਾਕਿਸਤਾਨ ਵੱਲੋਂ ਅਮਰੀਕਾ-ਇਰਾਨ ਵਾਰਤਾ ਦੀ ਮੇਜ਼ਬਾਨੀ ਦੀ ਪੇਸ਼ਕਸ਼ ਬਾਰੇ ਸਰਕਾਰ ਨੇ ਕਿਹਾ ਕਿ ‘ਅਸੀਂ ਪਾਕਿ ਵਰਗੇ ਦਲਾਲ ਮੁਲਕ ਨਹੀਂ ਹਾਂ।’ ਸੂਤਰਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਵੱਲੋਂ ਵਿਚੋਲਗੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਕੁਝ ਵੀ ਨਵਾਂ ਨਹੀਂ ਹੈ। ਅਮਰੀਕਾ 1981 ਤੋਂ ਇਸ ਮੁਲਕ ਨੂੰ ‘ਵਰਤ’ ਰਿਹਾ ਹੈ। ਜੈਸ਼ੰਕਰ ਨੇ ਪੱਛਮੀ ਏਸ਼ੀਆ ਸੰਕਟ ਉੱਤੇ ਵਿਚਾਰ ਚਰਚਾ ਲਈ ਸੱਦੀ ਸਰਬ ਪਾਰਟੀ ਬੈਠਕ ਵਿੱਚ ਸ਼ਾਮਲ ਆਗੂਆਂ ਨੂੰ ਕਿਹਾ, ‘‘ਅਸੀਂ ਦਲਾਲ ਮੁਲਕ ਨਹੀਂ ਹਾਂ।’’ ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰਾਂ ਦੇ ਇਸ ਦੋਸ਼ ਨੂੰ ਖ਼ਾਰਜ ਕਰ ਦਿੱਤਾ ਕਿ ਨਵੀਂ ਦਿੱਲੀ ਨੇ ਪੱਛਮੀ ਏਸ਼ੀਆ ਜੰਗ ਬਾਰੇ ਚੁੱਪ ਧਾਰੀ ਹੋਈ ਹੈ। ਇਰਾਨ ਦੇ ਸੁਪਰੀਮ ਆਗੂ (ਆਇਤੁੱਲਾ ਅਲੀ ਖਮੇਨੇਈ) ਦੀ ਮੌਤ ਬਾਰੇ ਸੰਵੇਦਨਾਵਾਂ ਜ਼ਾਹਿਰ ਕਰਨ ’ਚ ਦੇਰ ਕਰ ਕੇ ਸਰਕਾਰ ਵੱਲੋਂ ਨੈਤਿਕ ਕਮਜ਼ੋਰੀ ਦਿਖਾਉਣ ਦੇ ਵਿਰੋਧੀ ਧਿਰਾਂ ਦੇ ਦੋਸ਼ ਬਾਰੇ ਸਰਕਾਰ ਨੇ ਕਿਹਾ ਕਿ ਵਿਦੇਸ਼ ਸਕੱਤਰ ਨੇ ਫ਼ੌਰੀ ਇਰਾਨੀ ਦੂਤਾਵਾਸ ਜਾ ਕੇ ਉਥੇ ਪੁਸਤਕ ਵਿੱਚ ਸ਼ੋਕ ਸੁਨੇਹਾ ਲਿਖਿਆ।

ਕਾਂਗਰਸ ਦੇ ਤਾਰਿਕ ਅਨਵਰ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਾਕਿਸਤਾਨ ਵਾਰਤਾਕਾਰ ਦੀ ਭੂਮਿਕਾ ਨਿਭਾ ਰਿਹਾ ਹੈ ਜਦੋਂ ਕਿ ‘ਅਸੀਂ ਅਜੇ ਵੀ ਮੂਕ ਦਰਸ਼ਕ ਬਣੇ ਹਾਂ।’ ਲੋਕ ਸਭਾ ਵਿੱਚ ਨੇਮ 193 ਤੇ ਰਾਜ ਸਭਾ ਵਿੱਚ ਨੇਮ 176 ਤਹਿਤ ਪੱਛਮੀ ਏਸ਼ੀਆ ਹਾਲਾਤ ਬਾਰੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਬੈਠਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਜੈਸ਼ੰਕਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰ ਦੀ ਨੁਮਾਇੰਦਗੀ ਕੀਤੀ। ਇਸ ਮੌਕੇ ਸਿਹਤ ਮੰਤਰੀ ਜੇ ਪੀ ਨੱਢਾ ਤੇ ਸੰਸਦੀ ਮਾਮਲੇ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਸਨ। ਵਿਰੋਧੀ ਧਿਰਾਂ ਵੱਲੋਂ ਕਾਂਗਰਸ ਦੇ ਤਾਰਿਕ ਅਨਵਰ ਤੇ ਮੁਕੁਲ ਵਾਸਨਿਕ, ਸਮਾਜਵਾਦੀ ਪਾਰਟੀ ਦੇ ਧਰਮੇਂਦਰ ਯਾਦਵ, ਬੀ ਜੇ ਡੀ ਦੇ ਸਸਮਿਤ ਪਾਤਰਾ, ਜੇ ਡੀ ਯੂ ਦੇ ਸੰਜੈ ਝਾਅ, ਆਪ ਦੇ ਸੰਜੈ ਸਿੰਘ, ਸੀ ਪੀ ਆਈ ਐੱਮ ਦੇ ਜੌਹਨ ਬ੍ਰਿਟਾਸ, ਐੈੱਨ ਸੀ ਪੀ (ਐੱਸ ਪੀ) ਦੀ ਸੁਪ੍ਰਿਆ ਸੂਲੇ, ਸ਼ਿਵ ਸੈਨਾ (ਯੂ ਬੀ ਟੀ) ਦੇ ਅਰਵਿੰਦ ਸਾਵੰਤ, ਏ ਆਈ ਐੱਮ ਆਈ ਐੱਮ ਦੇ ਅਸਦੂਦੀਨ ਓਵਾਇਸੀ ਆਦਿ ਸ਼ਾਮਲ ਸਨ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਬੈਠਕ ਵਿੱਚ ਮੌਜੂਦ ਨਹੀਂ ਸਨ। –

ਪੱਛਮੀ ਏਸ਼ੀਆ ਜੰਗ ਬਾਰੇ ਚੁੱਪੀ ਦੇ ਦੋਸ਼ ਖਾਰਜ

ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰਾਂ ਦੇ ਇਸ ਦੋਸ਼ ਨੂੰ ਖ਼ਾਰਜ ਕਰ ਦਿੱਤਾ ਕਿ ਨਵੀਂ ਦਿੱਲੀ ਨੇ ਪੱਛਮੀ ਏਸ਼ੀਆ ਜੰਗ ਬਾਰੇ ਚੁੱਪ ਧਾਰੀ ਹੋਈ ਹੈ। ਇਰਾਨ ਦੇ ਸੁਪਰੀਮ ਆਗੂ (ਆਇਤੁੱਲਾ ਅਲੀ ਖਮੇਨੇਈ) ਦੀ ਮੌਤ ਬਾਰੇ ਸੰਵੇਦਨਾਵਾਂ ਜ਼ਾਹਿਰ ਕਰਨ ’ਚ ਦੇਰ ਕਰ ਕੇ ਸਰਕਾਰ ਵੱਲੋਂ ਨੈਤਿਕ ਕਮਜ਼ੋਰੀ ਦਿਖਾਉਣ ਦੇ ਵਿਰੋਧੀ ਧਿਰਾਂ ਦੇ ਦੋਸ਼ ਬਾਰੇ ਸਰਕਾਰ ਨੇ ਕਿਹਾ ਕਿ ਵਿਦੇਸ਼ ਸਕੱਤਰ ਨੇ ਫ਼ੌਰੀ ਇਰਾਨੀ ਦੂਤਾਵਾਸ ਜਾ ਕੇ ਉਥੇ ਪੁਸਤਕ ਵਿੱਚ ਸ਼ੋਕ ਸੁਨੇਹਾ ਲਿਖਿਆ।

Share: