ਢਾਕਾ: ਬੰਗਲਾਦੇਸ਼ ਵਿੱਚ ਇੱਕ ਬੱਸ ਦੇ ਫੈਰੀ (ਪਰਿਵਹਨ ਨੌਕਾ) ’ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਬੇਕਾਬੂ ਹੋ ਕੇ ਦਰਿਆ ਵਿੱਚ ਡਿੱਗ ਜਾਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਹੋਰ ਮੁਸਾਫ਼ਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਦੱਖਣ-ਪੱਛਮੀ ਰਾਜਬਾਰੀ ਜ਼ਿਲ੍ਹੇ ਦੇ ਦੌਲਾਡੀਆ ਟਰਮੀਨਲ ’ਤੇ ਬੁੱਧਵਾਰ ਸ਼ਾਮ ਕਰੀਬ ਸਵਾ ਪੰਜ ਵਜੇ ਵਾਪਰਿਆ। ਢਾਕਾ ਵੱਲ ਜਾ ਰਹੀ ਇਹ ਬੱਸ ਜਦੋਂ ਪਦਮਾ ਨਦੀ ਵਿੱਚ ਖੜ੍ਹੀ ਫੈਰੀ ’ਤੇ ਚੜ੍ਹਨ ਲਈ ਪੌਂਟੂਨ (ਤੈਰਦੇ ਪੁਲ) ਤੋਂ ਗੁਜ਼ਰ ਰਹੀ ਸੀ, ਤਾਂ ਅਚਾਨਕ ਇੱਕ ਛੋਟੀ ਸਹਾਇਕ ਬੇੜੀ ਪੌਂਟੂਨ ਨਾਲ ਟਕਰਾ ਗਈ। ਇਸ ਕਾਰਨ ਚਾਲਕ ਬੱਸ ਤੋਂ ਕੰਟਰੋਲ ਖੋਹ ਬੈਠਾ ਅਤੇ ਬੱਸ ਸਿੱਧੀ ਦਰਿਆ ਵਿੱਚ ਜਾ ਡਿੱਗੀ।
ਫਾਇਰ ਸਰਵਿਸ ਦੇ ਅਧਿਕਾਰੀ ਸੋਹੇਲ ਰਾਣਾ ਨੇ ਦੱਸਿਆ ਕਿ ਬਚਾਅ ਕਾਰਜਾਂ ਲਈ ‘ਹਮਜ਼ਾ’ ਨਾਮਕ ਵਿਸ਼ੇਸ਼ ਬਚਾਅ ਪੋਤ ਅਤੇ ਕ੍ਰੇਨ ਦੀ ਮਦਦ ਲਈ ਗਈ। ਖ਼ਰਾਬ ਮੌਸਮ ਦੇ ਬਾਵਜੂਦ ਕਰੀਬ ਛੇ ਘੰਟਿਆਂ ਦੀ ਜੱਦੋਜਹਿਦ ਮਗਰੋਂ ਬੁੱਧਵਾਰ ਅੱਧੀ ਰਾਤ ਦੇ ਕਰੀਬ ਬੱਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਬੱਸ ਦੇ ਅੰਦਰੋਂ 14 ਲਾਸ਼ਾਂ ਬਰਾਮਦ ਹੋਈਆਂ ਹਨ, ਜਦੋਂਕਿ ਦੋ ਔਰਤਾਂ ਦੀਆਂ ਦੇਹਾਂ ਗੋਤਾਖੋਰਾਂ ਨੇ ਪਹਿਲਾਂ ਹੀ ਕੱਢ ਲਈਆਂ ਸਨ। ਅਨੁਮਾਨ ਹੈ ਕਿ ਬੱਸ ਵਿੱਚ ਬੱਚਿਆਂ ਸਮੇਤ ਕਰੀਬ 40 ਸਵਾਰੀਆਂ ਸਨ, ਜੋ ਈਦ ਦੀਆਂ ਛੁੱਟੀਆਂ ਮਨਾ ਕੇ ਰਾਜਧਾਨੀ ਪਰਤ ਰਹੀਆਂ ਸਨ। ਚਸ਼ਮਦੀਦਾਂ ਮੁਤਾਬਕ ਕਈ ਮੁਸਾਫ਼ਰ ਇੱਕੋ ਪਰਿਵਾਰ ਦੇ ਸਨ। ਕੁਝ ਲੋਕ ਬੱਸ ਤੋਂ ਬਾਹਰ ਖੜ੍ਹੇ ਹੋਣ ਕਾਰਨ ਬਚ ਗਏ, ਪਰ ਉਨ੍ਹਾਂ ਦੇ ਰਿਸ਼ਤੇਦਾਰ ਬੱਸ ਦੇ ਅੰਦਰ ਹੀ ਡੁੱਬ ਗਏ। ਹੁਣ ਤੱਕ 11 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਦਰਦਨਾਕ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਫ਼ੌਜ, ਪੁਲੀਸ ਅਤੇ ਤੱਟ ਰੱਖਿਅਕ ਬਲ ਦੇ ਗੋਤਾਖੋਰ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੇ ਹੋਏ ਹਨ।

