ਮਾਂ ਸੋਨੀਆ ਦੀ ਦੇਖਭਾਲ ਕਰ ਰਹੀ ਕੇਰਲ ਦੀ ਨਰਸ ਦੇ ਮੁਰੀਦ ਹੋਏ ਰਾਹੁਲ ਗਾਂਧੀ

ਮਾਂ ਸੋਨੀਆ ਦੀ ਦੇਖਭਾਲ ਕਰ ਰਹੀ ਕੇਰਲ ਦੀ ਨਰਸ ਦੇ ਮੁਰੀਦ ਹੋਏ ਰਾਹੁਲ ਗਾਂਧੀ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਪਣੀ ਬਿਮਾਰ ਮਾਂ ਸੋਨੀਆ ਗਾਂਧੀ ਦੀ ਦੇਖਭਾਲ ਕਰ ਰਹੀ ਕੇਰਲ ਦੀ ਇੱਕ ਨਰਸ ਦੀ ਤਨਦੇਹੀ ਅਤੇ ਸਮਰਪਣ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਰਾਹੁਲ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਚਿੰਤਤ ਪੁੱਤਰ ਵਜੋਂ ਉਨ੍ਹਾਂ ਨੂੰ ਉਸ ਸਮੇਂ ਬਹੁਤ ਸਕੂਨ ਮਿਲਿਆ ਜਦੋਂ ਕੇਰਲ ਦੀ ਨਰਸ ਹਰ ਘੰਟੇ ਉਨ੍ਹਾਂ ਦੀ ਮਾਂ ਦਾ ਹਾਲ-ਚਾਲ ਪੁੱਛਣ ਆਉਂਦੀ ਰਹੀ। ਰਾਹੁਲ ਮੁਤਾਬਕ ਉਸ ਨਰਸ ਦੀ ਪਿਆਰੀ ਮੁਸਕਰਾਹਟ ਅਤੇ ਮਰੀਜ਼ ਦਾ ਹੱਥ ਫੜ ਕੇ ਦਿਲਾਸਾ ਦੇਣ ਦਾ ਅੰਦਾਜ਼ ਕੇਰਲ ਦੇ ਅਸਲ ਸੱਭਿਆਚਾਰ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ।

ਰਾਹੁਲ ਗਾਂਧੀ ਨੇ ਅੱਗੇ ਲਿਖਿਆ ਕਿ ਜਦੋਂ ਉਨ੍ਹਾਂ ਨੇ ਨਰਸ ਤੋਂ ਪੁੱਛਿਆ ਕਿ ਕੀ ਉਹ ਰਾਤ ਨੂੰ ਸੌਂਦੀ ਨਹੀਂ, ਤਾਂ ਉਸ ਨੇ ਬੜੀ ਸਾਦਗੀ ਨਾਲ ਜਵਾਬ ਦਿੱਤਾ ਕਿ ਉਹ ਸਾਰੀ ਰਾਤ ਡਿਊਟੀ ਕਰਦੀ ਹੈ। ਰਾਹੁਲ ਨੇ ਕਿਹਾ ਕਿ ਇਹ ਸਿਰਫ਼ ਦਿੱਲੀ ਜਾਂ ਕੇਰਲ ਦੀ ਗੱਲ ਨਹੀਂ ਹੈ, ਸਗੋਂ ਪੂਰੀ ਦੁਨੀਆ ਵਿੱਚ ਕੇਰਲ ਦੀਆਂ ਔਰਤਾਂ ਮੁਸ਼ਕਲ ਘੜੀ ਵਿੱਚ ਲੋਕਾਂ ਦਾ ਸਹਾਰਾ ਬਣ ਰਹੀਆਂ ਹਨ। ਉਨ੍ਹਾਂ ਨੇ ਇਸ ਜਜ਼ਬੇ ਨੂੰ Spirit of kerala (ਕੇਰਲ ਦੀ ਰੂਹ) ਦੱਸਦਿਆਂ ਕਿਹਾ ਕਿ ਇਹ ਧੀਆਂ ਆਪਣੀ ਨੀਂਦ ਤਿਆਗ ਕੇ ਦੂਜਿਆਂ ਦੇ ਦੁੱਖ ਵੰਡਾ ਰਹੀਆਂ ਹਨ, ਜੋ ਕਿ ਬੇਹੱਦ ਕਾਬਿਲ-ਏ-ਤਾਰੀਫ਼ ਹੈ।

Share: