ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ

ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ

ਦੁਬੲੀ: ਇਰਾਨ ਨੇ ਪੱਛਮੀ ਏਸ਼ੀਆ ’ਚ ਜੰਗਬੰਦੀ ਲਈ ਅਮਰੀਕਾ ਦੀ 15 ਨੁਕਾਤੀ ਪੇਸ਼ਕਸ਼ ਸਿਰੇ ਤੋਂ ਨਕਾਰਦਿਆਂ ਆਪਣੀਆਂ ਪੰਜ ਸ਼ਰਤਾਂ ਰੱਖੀਆਂ ਹਨ। ਸਰਕਾਰੀ ਟੀ ਵੀ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਰਾਨ ਨੇ ਅਮਰੀਕਾ ਦੀ ਜੰਗਬੰਦੀ ਦੀ ਤਜਵੀਜ਼ ਨੂੰ ਖ਼ਾਰਜ ਕਰ ਦਿਤਾ ਹੈ। ਪ੍ਰੈੱਸ ਟੀ ਵੀ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ‘‘ਇਰਾਨ ਆਪਣੀ ਮਰਜ਼ੀ ਨਾਲ ਜੰਗ ਖ਼ਤਮ ਕਰੇਗਾ ਅਤੇ ਸ਼ਰਤਾਂ ਮੰਨ ਲਏ ਜਾਣ ਮਗਰੋਂ ਹੀ ਕੋਈ ਫ਼ੈਸਲਾ ਕੀਤਾ ਜਾਵੇਗਾ।’’ ਇਹ ਬਿਆਨ ਉਦੋਂ ਆਇਆ ਹੈ ਜਦੋਂ ਪਾਕਿਸਤਾਨ ਨੇ ਇਰਾਨ ਨੂੰ ਜੰਗਬੰਦੀ ਦੀ ਅਮਰੀਕੀ ਤਜਵੀਜ਼ ਪੇਸ਼ ਕੀਤੀ ਸੀ। ਅਧਿਕਾਰੀ ਨੇ ਇਹ ਵੀ ਕਿਹਾ ਕਿ ਤਹਿਰਾਨ ਪੱਛਮੀ ਏਸ਼ੀਆ ’ਚ ਜ਼ੋਰਦਾਰ ਹਮਲੇ ਕਰਨੇ ਜਾਰੀ ਰੱਖੇਗਾ।

ਇਸ ਤੋਂ ਪਹਿਲਾਂ ਪੱਛਮੀ ਏਸ਼ੀਆ ’ਚ ਹੋਰ ਫ਼ੌਜ ਭੇਜੇ ਜਾਣ ਦੇ ਐਲਾਨ ਦਰਮਿਆਨ ਅਮਰੀਕਾ ਨੇ ਇਰਾਨ ਨੂੰ ਜੰਗਬੰਦੀ ਲਈ 15 ਨੁਕਾਤੀ ਪੇਸ਼ਕਸ਼ ਕੀਤੀ। ਇੰਝ ਜਾਪਦਾ ਹੈ ਕਿ ਟਰੰਪ ਪ੍ਰਸ਼ਾਸਨ ਹੁਣ ਜੰਗ ਦਾ ਖਾਤਮਾ ਚਾਹੁੰਦਾ ਹੈ। ਵਾਰਤਾਕਾਰਾਂ ਵੱਲੋਂ ਇਰਾਨ ਅਤੇ ਅਮਰੀਕਾ ਦੇ ਆਗੂਆਂ ਵਿਚਾਲੇ ਆਹਮੋ-ਸਾਹਮਣੇ ਵਾਰਤਾ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ ਅਤੇ ਇਸ ਵਾਰਤਾ ਦੇ ਸ਼ੁੱਕਰਵਾਰ ਨੂੰ ਪਾਕਿਸਤਾਨ ’ਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਇਸਲਾਮਾਬਾਦ ਵੱਲੋਂ ਤਣਾਅ ਘਟਾਉਣ ਲਈ ਕੀਤੇ ਜਾ ਰਹੇ ਕੂਟਨੀਤਕ ਯਤਨਾਂ ਬਾਰੇ ਜਾਣਕਾਰੀ ਦਿੱਤੀ। ਕੁਝ ਘੰਟਿਆਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਰੀਫ਼ ਦੀ ਪੋਸਟ ਆਪਣੇ ਟਰੁੱਥ ਸੋਸ਼ਲ ਪਲੈਟਫਾਰਮ ’ਤੇ ਸਾਂਝੀ ਕੀਤੀ।

ਪਾਕਿਸਤਾਨ ਦੇ ਦੋ ਅਧਿਕਾਰੀਆਂ ਨੇ ਇਰਾਨ ਨੂੰ ਕੀਤੀ ਗਈ ਪੇਸ਼ਕਸ਼ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਵਿੱਚ ਪਾਬੰਦੀਆਂ ਤੋਂ ਰਾਹਤ, ਸਿਵਲ ਪਰਮਾਣੂ ਸਹਿਯੋਗ, ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵਾਪਸ ਲੈਣ, ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਵੱਲੋਂ ਨਿਗਰਾਨੀ, ਮਿਜ਼ਾਈਲਾਂ ’ਤੇ ਰੋਕ ਅਤੇ ਹਰਮੁਜ਼ ਜਲ ਮਾਰਗ ਰਾਹੀਂ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਜਿਹੇ ਮੁੱਦੇ ਸ਼ਾਮਲ ਹਨ। ਇਹ ਯੋਜਨਾ ਪਾਕਿਸਤਾਨ ਸਰਕਾਰ ਦੇ ਵਿਚੋਲਿਆਂ ਰਾਹੀਂ ਇਰਾਨ ਨੂੰ ਸੌਂਪੀ ਗਈ ਹੈ, ਜਿਸ ਨੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਵਾਰਤਾ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਸੀ।

ਉਧਰ, ਅਮਰੀਕਾ ਆਉਣ ਵਾਲੇ ਦਿਨਾਂ ਵਿੱਚ 82ਵੀਂ ਏਅਰਬੋਰਨ ਡਿਵੀਜ਼ਨ ਦੇ ਘੱਟੋ-ਘੱਟ ਇਕ ਹਜ਼ਾਰ ਜਵਾਨ ਮੱਧ ਪੂਰਬ ਵਿੱਚ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਅਤੇ ਇਰਾਨ ਵਿਚਾਲੇ ਕਿਸੇ ਵੀ ਵਾਰਤਾ ਲਈ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਾਸ਼ਿੰਗਟਨ ਦੇ ਬਦਲਦੇ ਉਦੇਸ਼ਾਂ, ਖ਼ਾਸਕਰ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਅਤੇ ਪਰਮਾਣੂ ਪ੍ਰੋਗਰਾਮਾਂ ’ਤੇ ਕਾਬੂ ਪਾਉਣਾ ਹਾਲੇ ਵੀ ਮੁਸ਼ਕਲ ਹੈ। ਇਸ ਦੌਰਾਨ ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦਲੇਤੀ ਨੇ ਅਮਰੀਕੀ ਸਫ਼ੀਰ ਮਸਾਦ ਬੋਲੋਸ ਨੂੰ ਕਿਹਾ ਕਿ ਤਣਾਅ ਘਟਾਉਣ ਲਈ ਖੇਤਰੀ ਅਤੇ ਕੌਮਾਂਤਰੀ ਪੱਧਰ ’ਤੇ ਪੁਖ਼ਤਾ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਚੀਨ ਨੇ ਵੀ ਕਿਹਾ ਕਿ ਉਹ ਪੱਛਮੀ ਏਸ਼ੀਆ ’ਚ ਤਣਾਅ ਘਟਾਉਣ ਦੇ ਸਾਰੇ ਯਤਨਾਂ ਦੀ ਹਮਾਇਤ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਪੇਈਚਿੰਗ ’ਚ ਕਿਹਾ ਕਿ ਗੱਲਬਾਤ ਰਾਹੀਂ ਜੰਗਬੰਦੀ ਨੂੰ ਤਰਜੀਹ ਦਿੱਤੇ ਜਾਣ ਦੀ ਲੋੜ ਹੈ।

ਟਰੰਪ ਵੱਲੋਂ ਜੰਗ ’ਚ ਜਿੱਤ ਦਾ ਦਾਅਵਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਿੰਨ ਹਫ਼ਤੇ ਚੱਲੀ ਜੰਗ ’ਚ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਇਰਾਨ ਪਰਮਾਣੂ ਹਥਿਆਰ ਕਦੇ ਵੀ ਨਾ ਬਣਾਉਣ ਲਈ ਰਾਜ਼ੀ ਹੋ ਗਿਆ ਹੈ ਅਤੇ ਉਸ ਨੇ ਹਰਮੁਜ਼ ਜਲ ਮਾਰਗ ਨਾਲ ਸਬੰਧਤ ਉਨ੍ਹਾਂ ਨੂੰ ‘ਅਹਿਮ ਇਨਾਮ’ ਵੀ ਭੇਜਿਆ ਹੈ। ਟਰੰਪ ਨੇ ਕਿਹਾ ਕਿ ਉਪ ਰਾਸ਼ਟਰਪਤੀ ਜੇ ਡੀ ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਮੱਧ ਪੂਰਬ ਦੇ ਵਿਸ਼ੇਸ਼ ਸਫ਼ੀਰ ਸਟੀਵ ਵਿਟਕੌਫ ਅਤੇ ਜੇਰਡ ਕੁਸ਼ਨਰ ਇਰਾਨ ਨਾਲ ਵਾਰਤਾ ਦੀ ਅਗਵਾਈ ਕਰਨਗੇ। ਰੱਖਿਆ ਮੰਤਰੀ ਪੀਟ ਹੈਗਸੇਥ ਨੇ ਕਿਹਾ ਕਿ ਇਰਾਨ ਕੋਲ ਆਧੁਨਿਕ ਫ਼ੌਜ ਸੀ ਪਰ ਉਸ ਨੂੰ ਪਹਿਲੇ ਦਿਨ ਹੀ ਮਾਤ ਦੇ ਦਿੱਤੀ ਗਈ ਸੀ।

ਇਰਾਨ ਨੇ ਪਾਕਿਸਤਾਨ ਦਾ ਜਹਾਜ਼ ਹਰਮੁਜ਼ ਤੋਂ ਮੋੜਿਆ

ਤਹਿਰਾਨ: ਇਰਾਨ ਨੇ ਖੁਰਾਕੀ ਵਸਤਾਂ ਨਾਲ ਭਰੇ ਕਰਾਚੀ ਜਾ ਰਹੇ ਵਪਾਰਕ ਜਹਾਜ਼ ਨੂੰ ਹਰਮੁਜ਼ ਜਲ ਮਾਰਗ ਤੋਂ ਵਾਪਸ ਮੋੜ ਦਿੱਤਾ ਹੈ। ਇਰਾਨੀ ਜਲ ਸੈਨਾ ਦੇ ਕਮਾਂਡਰ ਅਲੀ ਰਜ਼ਾ ਤੰਗਸਿਰੀ ਨੇ ਕਿਹਾ ਕਿ ਕੰਟੇਨਰ ਬੇੜੇ ਸੇਲੇਨ ਨੂੰ ਰੈਵੋਲਿਊਸ਼ਨਰੀ ਗਾਰਡ ਨੇ ਹਰਮੁਜ਼ ਜਲ ਮਾਰਗ ’ਚੋਂ ਲੰਘਣ ਦੀ ਇਜਾਜ਼ਤ ਨਾ ਲੈਣ ਅਤੇ ਕਾਨੂੰਨੀ ਪ੍ਰੋਟੋਕਾਲ ਦੀ ਪਾਲਣਾ ਨਾ ਕਰਨ ’ਤੇ ਵਾਪਸ ਭੇਜ ਦਿੱਤਾ ਹੈ। ਉਂਝ ਇਰਾਨ ਨੇ ਕਿਹਾ ਸੀ ਕਿ ਉਹ ਦੁਸ਼ਮਣ ਮੁਲਕਾਂ ਦੇ ਬੇੜਿਆਂ ਨੂੰ ਹਰਮੁਜ਼ ਜਲ ਮਾਰਗ ’ਚੋਂ ਨਹੀਂ ਲੰਘਣ ਦੇਣਗੇ।

Share: