ਇੱਕ ਇਰਾਨੀ ਫੌਜੀ ਬੁਲਾਰੇ ਨੇ ਬੁੱਧਵਾਰ ਨੂੰ ਜੰਗਬੰਦੀ ਦੇ ਸਮਝੌਤੇ ਲਈ ਅਮਰੀਕਾ ਵੱਲੋਂ ਪੇਸ਼ ਕੀਤੀ ਗਈ 15-ਨੁਕਾਤੀ ਯੋਜਨਾ ਉੱਤੇ ਜਵਾਬ ਦਿੰਦਿਆ ਕਿਹਾ ਕਿ ਉਹ ਅਮਰੀਕਾ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਗੇ। ਇਰਾਨੀ ਫੌਜ ਦੇ ਖਾਤਮ ਅਲ-ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਬੁਲਾਰੇ ਲੈਫਟੀਨੈਂਟ ਕਰਨਲ ਇਬਰਾਹਿਮ ਜ਼ੋਲਫਾਗ਼ਾਰੀ ਨੇ ਸਰਕਾਰੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤੇ ਵੀਡੀਓ ਵਿੱਚ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ‘ਜਿਸ ਰਣਨੀਤਕ ਸ਼ਕਤੀ ਬਾਰੇ ਤੁਸੀਂ (ਅਮਰੀਕੀ) ਗੱਲ ਕਰਦੇ ਸੀ, ਉਹ ਰਣਨੀਤਕ ਅਸਫਲਤਾ ਵਿੱਚ ਬਦਲ ਗਈ ਹੈ। ਜੋ (ਅਮਰੀਕਾ) ਖੁਦ ਨੂੰ ਦੁਨੀਆ ਦੀ ਮਹਾਸ਼ਕਤੀ ਹੋਣ ਦਾ ਦਾਅਵਾ ਕਰਦਾ ਹੈ, ਜੇਕਰ ਉਹ ਅਜਿਹਾ ਸਾਬਤ ਕਰ ਪਾਉਂਦਾ ਤਾਂ ਇਸ ਮੁਸ਼ਕਿਲ ਵਿੱਚੋਂ ਬਾਹਰ ਨਿਕਲ ਚੁੱਕਿਆ ਹੁੰਦਾ। ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ। ਤੁਹਾਡੇ ਖੋਖਲੇ ਵਾਅਦਿਆਂ ਦਾ ਦੌਰ ਹੁਣ ਖਤਮ ਹੋ ਚੁੱਕਿਆ ਹੈ।’ ਇਰਾਨੀ ਲੈਫਟੀਨੈਂਟ ਕਰਨਲ ਨੇ ਕਿਹਾ ‘ਕੀ ਤੁਹਾਡੇ ਅੰਦਰੂਨੀ ਝਗੜੇ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਤੁਸੀਂ ਹੁਣ ਖੁਦ ਨਾਲ ਹੀ ਗੱਲਬਾਤ ਕਰ ਰਹੇ ਹੋ? ਸਾਡੀ ਪਹਿਲੀ ਅਤੇ ਆਖ਼ਰੀ ਗੱਲ ਪਹਿਲੇ ਦਿਨ ਤੋਂ ਹੀ ਅਟੱਲ ਰਹੀ ਹੈ ਕਿ ਸਾਡੇ ਵਰਗਾ ਕੋਈ ਵੀ ਦੇਸ਼ ਤੁਹਾਡੇ ਵਰਗੇ ਦੇਸ਼ ਕਿਸੇ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ। ਨਾ ਸਮਝੌਤਾ ਹੁਣ ਕਰਾਂਗੇ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ।’ ਜ਼ੋਲਫਾਗ਼ਾਰੀ ਦਾ ਬਿਆਨ ਟਰੰਪ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਰਾਹੀਂ ਇਰਾਨ ਨੂੰ 15-ਨੁਕਾਤੀ ਜੰਗਬੰਦੀ ਯੋਜਨਾ ਭੇਜਣ ਤੋਂ ਤੁਰੰਤ ਬਾਅਦ ਆਇਆ ਹੈ।
Posted inIran
ਟਰੰਪ ਦੀ ਜੰਗਬੰਦੀ ਯੋਜਨਾ ‘ਤੇ ਇਰਾਨ ਦਾ ਜਵਾਬ ; ਤੁਹਾਡੇ ਨਾਲ ਸਮਝੌਤਾ ਨਾ ਅੱਜ ਕਰਾਂਗੇ ਨਾ ਕੱਲ੍ਹ
