ਵੈਲਿੰਗਟਨ: ਕੌਨਰ ਏਸਟਰਹੁਇਜ਼ਨ ਦੇ ਕਰੀਅਰ ਦੇ ਪਹਿਲੇ ਨੀਮ ਸੈਂਕੜੇ ਤੇ ਸਪਿੰਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿਮਾਨ ਦੱਖਣੀ ਅਫਰੀਕਾ ਨੇ ਅੱਜ ਇੱਥੇ ਚੌਥੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿਚ ਨਿਊਜ਼ੀਲੈਂਡ ਨੂੰ 19 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਲਈ ਹੈ। ਕੌਨਰ ਨੇ 33 ਗੇਂਦਾਂ ਵਿਚ ਆਪਣਾ ਪਹਿਲਾ ਨੀਮ ਸੈਂਕੜਾ ਜੜਿਆ ਤੇ ਉਹ ਆਖ਼ਰ ਵਿਚ 57 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਦੀ ਇਹ ਪਾਰੀ ਫ਼ੈਸਲਾਕੁਨ ਸਾਬਿਤ ਹੋਈ ਕਿਉਂਕਿ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਉਤੇ 164 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 18.5 ਓਵਰਾਂ ਵਿਚ 145 ਦੌੜਾਂ ਉਤੇ ਆਊਟ ਹੋ ਗਈ। ਨਿਊਜ਼ੀਲੈਂਡ ਨੇ ਪਾਵਰ ਪਲੇਅ ਵਿਚ ਦੋ ਵਿਕਟਾਂ ਉਤੇ 63 ਦੌੜਾਂ ਬਣਾਈਆਂ ਸਨ ਜਿਸ ’ਚ ਟਿਮ ਰੌਬਿਨਸਨ ਦੀਆਂ 22 ਗੇਂਦਾਂ ਉਤੇ ਬਣਾਈਆਂ 32 ਦੌੜਾਂ ਸ਼ਾਮਲ ਹਨ। ਪਰ ਉਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਸਪਿੰਨਰਾਂ ਨੇ ਸ਼ਿਕੰਜਾ ਕਸ ਦਿੱਤਾ। ਟੀਮ ਵੱਲੋਂ ਪ੍ਰੇਨੇਲਨ ਸੁਬਰਾਇਨ ਨੇ ਆਪਣੇ ਪਹਿਲੇ ਮੈਚ ਵਿਚ 13 ਦੌੜਾਂ ਦੇ ਕੇ 2 ਜਦਕਿ ਕੇਸ਼ਵ ਮਹਾਰਾਜ ਨੇ 22 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।
Posted inNew Zealand
ਟੀ20: ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨਾਲ ਲੜੀ ਬਰਾਬਰ ਕੀਤੀ

