ਚੱਲਦੀ ਰੇਲਗੱਡੀ ’ਤੇ ਪਥਰਾਅ ਸਜ਼ਾਯੋਗ ਅਪਰਾਧ

ਚੇਨੱਈ: ਹਾਲ ਹੀ ਵਿੱਚ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਅਤੇ ਰੇਲ ਸੇਵਾਵਾਂ ਵਿੱਚ ਵਿਘਨ ਪਾਉਣ ਵਾਲੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਦੱਖਣੀ ਰੇਲਵੇ ਨੇ ਅੱਜ ਚੱਲਦੀਆਂ ਰੇਲਗੱਡੀਆਂ ’ਤੇ ਪਥਰਾਅ ਵਿਰੁੱਧ ਜ਼ਰੂਰੀ ਜਨਤਕ ਅਪੀਲ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ। ਚੱਲਦੀਆਂ ਰੇਲਗੱਡੀਆਂ ’ਤੇ ਸੁੱਟੇ ਗਏ ਪੱਥਰ ਖਿੜਕੀਆਂ ਦੇ ਸ਼ੀਸ਼ੇ ਤੋੜ ਸਕਦੇ ਹਨ ਅਤੇ ਬੱਚਿਆਂ ਤੇ ਬਜ਼ੁਰਗਾਂ ਸਣੇ ਯਾਤਰੀਆਂ ਨੂੰ ਗੰਭੀਰ ਸੱਟਾਂ ਜਾਂ ਸਥਾਈ ਨੁਕਸਾਨ ਪਹੁੰਚਾ ਸਕਦੇ ਹਨ।

ਦੱਖਣੀ ਰੇਲਵੇ ਦੇ ਚੇਨੱਈ ਡਿਵੀਜ਼ਨ ਨੇ ਪ੍ਰੈੱਸ ਬਿਆਨ ਵਿੱਚ ਸਾਫ਼ ਕੀਤਾ ਕਿ ਪਥਰਾਅ ਰੇਲਵੇ ਐਕਟ 1989 ਤਹਿਤ ਸਜ਼ਾਯੋਗ ਅਪਰਾਧ ਹੈ। ਧਾਰਾ 152 ਤਹਿਤ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਰੇਲਗੱਡੀ ’ਤੇ ਪਥਰਾਅ ਕਰਨ ਜਾਂ ਕੋਈ ਵੀ ਚੀਜ਼ ਸੁੱਟਣ ’ਤੇ ਦਸ ਸਾਲ ਦੀ ਕੈਦ ਜਾਂ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਧਾਰਾ 154 ਤਹਿਤ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਕੰਮਾਂ ਲਈ ਜੇਲ੍ਹ ਅਤੇ ਜੁਰਮਾਨੇ ਦੀ ਵਿਵਸਥਾ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ, ਰੇਲਵੇ ਸੁਰੱਖਿਆ ਬਲ (ਆਰ ਪੀ ਐੱਫ) ਅਤੇ ਸਰਕਾਰੀ ਰੇਲਵੇ ਪੁਲੀਸ (ਜੀ ਆਰ ਪੀ) ਨੇ ਚੇਨੱਈ ਡਿਵੀਜ਼ਨ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਤੇਜ਼ ਕਰ ਦਿੱਤੀ ਹੈ। ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਸੀ ਸੀ ਟੀ ਵੀ ਅਤੇ ਹੋਰ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ​​ਕੀਤਾ ਗਿਆ ਹੈ। ਰੇਲਵੇ ਟਰੈਕਾਂ ਦੇ ਨੇੜੇ ਰਹਿਣ ਵਾਲੇ ਮਾਪਿਆਂ, ਅਧਿਆਪਕਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਬੱਚਿਆਂ ਅਤੇ ਨੌਜਵਾਨਾਂ ਨੂੰ ਅਜਿਹੇ ਕੰਮਾਂ ਦੇ ਗੰਭੀਰ ਨਤੀਜਿਆਂ ਬਾਰੇ ਜਾਗਰੂਕ ਕਰਨ।

Share: