West Asia Conflict : ਇਰਾਨ ਵੱਲੋਂ ਅਮਰੀਕੀ ਫੌਜ ਦੇ F-35 ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ

West Asia Conflict : ਇਰਾਨ ਵੱਲੋਂ ਅਮਰੀਕੀ ਫੌਜ ਦੇ F-35 ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ

ਤਹਿਰਾਨ: ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕੀ ਫੌਜ ਦੇ ਸਭ ਤੋਂ ਆਧੁਨਿਕ ਐੱਫ-35 ਲੜਾਕੂ ਜਹਾਜ਼ ਦੇ ਸੰਬੰਧ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਇਰਾਨ ਨੇ ਵੀਰਵਾਰ ਨੂੰ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਦਾ ਦਾਅਵਾ ਕੀਤਾ ਹੈ ਜਿਸ ਨੇ ਅਮਰੀਕੀ ਐੱਫ-35 ਲਾਈਟਨਿੰਗ 2 (F-35 Lightning 2) ਲੜਾਕੂ ਜਹਾਜ਼ ‘ਤੇ ਹਮਲਾ ਕੀਤਾ ਹੈ। ਇਹ ਲੜਾਕੂ ਜਹਾਜ਼ ਅਮਰੀਕਾ ਦੇ ਸਭ ਤੋਂ ਕੀਮਤੀ ਜਹਾਜ਼ਾਂ ਵਿੱਚੋਂ ਇੱਕ ਹੈ ਅਤੇ ਪੰਜਵੀਂ ਪੀੜ੍ਹੀ ਦੀ ਜੰਗੀ ਜਹਾਜ਼ਾਂ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ।

ਸੀ ਐੱਨ ਐੱਨ (CNN) ਦੀ ਇੱਕ ਰਿਪੋਰਟ ਵਿੱਚ ਅਮਰੀਕੀ ਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਗਈ ਹੈ ਕਿ ਇਰਾਨ ਦੀ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਇੱਕ ਮਿਜ਼ਾਈਲ ਦੇ ਹਮਲੇ ਤੋਂ ਬਾਅਦ ਇੱਕ ਐੱਫ-35  ਲੜਾਕੂ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਪਾਇਲਟ ਸੁਰੱਖਿਅਤ ਰਿਹਾ ਹੈ ਅਤੇ ਜਾਂਚ ਚੱਲ ਰਹੀ ਹੈ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ (ਆਈ ਆਰ ਜੀ ਸੀ) ਨੇ ਕਿਹਾ ਕਿ ਉਸ ਨੇ ਮੱਧ ਇਰਾਨ ਦੇ ਹਵਾਈ ਖੇਤਰ ਵਿੱਚ ਅਮਰੀਕੀ ਹਵਾਈ ਸੈਨਾ ਦੇ ਇੱਕ ਐੱਫ-35 ਲੜਾਕੂ ਜਹਾਜ਼ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਹੈ। ਆਪਣੀ ਅਧਿਕਾਰਤ ਨਿਊਜ਼ ਵੈੱਬਸਾਈਟ ‘ਤੇ ਆਈ ਆਰ ਜੀ ਸੀ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 2:50 ਵਜੇ ਉੱਨਤ ਅਤੇ ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਜੇਕਰ ਇਸ ਹਮਲੇ ਦੀ ਸਫਲ ਹਮਲੇ ਵਜੋਂ ਪੁਸ਼ਟੀ ਹੁੰਦੀ ਹੈ, ਤਾਂ ਇਹ ਘਟਨਾਕ੍ਰਮ ਪਹਿਲੀ ਵਾਰ ਹੋਵੇਗਾ ਜਦੋਂ ਇਰਾਨ ਫਰਵਰੀ ਦੇ ਅਖੀਰ ਤੋਂ ਸ਼ੁਰੂ ਹੋਏ ਸੰਘਰਸ਼ ਦੌਰਾਨ ਇੱਕ ਅਮਰੀਕੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਵਿੱਚ ਕਾਮਯਾਬ ਹੋਇਆ ਹੈ। ਅਮਰੀਕਾ ਅਤੇ ਇਜ਼ਰਾਈਲ ਦੋਵੇਂ ਜੰਗ ਵਿੱਚ ਐੱਫ-35 ਲੜਾਕੂ ਜਹਾਜ਼ਾਂ ਦੀ ਤਾਇਨਾਤੀ ਕਰ ਰਹੇ ਹਨ। ਇਹ ਜਹਾਜ਼ ਦੁਨੀਆ ਦੇ ਸਭ ਤੋਂ ਉੱਨਤ ਜਹਾਜ਼ਾਂ ਵਿੱਚੋਂ ਇੱਕ ਹਨ ਅਤੇ ਇਸ ਦੀ ਕੀਮਤ 100 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ।

ਉਧਰ ਵੀਰਵਾਰ ਨੂੰ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਐਲਾਨ ਕੀਤਾ ਕਿ ਅਮਰੀਕਾ “ਨਿਰਣਾਇਕ ਤੌਰ ‘ਤੇ ਜਿੱਤ ਰਿਹਾ ਹੈ” ਅਤੇ ਦਾਅਵਾ ਕੀਤਾ ਕਿ ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ “ਤਬਾਹ” ਕਰ ਦਿੱਤਾ ਗਿਆ ਹੈ।

Share: