ਤਾਲਿਬਾਨ ਟਿਕਾਣਿਆਂ ’ਤੇ ਪਾਕਿਸਤਾਨ ਦੇ ਹਵਾਈ ਹਮਲੇ

ਤਾਲਿਬਾਨ ਟਿਕਾਣਿਆਂ ’ਤੇ ਪਾਕਿਸਤਾਨ ਦੇ ਹਵਾਈ ਹਮਲੇ

ਇਸਲਾਮਾਬਾਦ: ਪਾਕਿਸਤਾਨ ਨੇ ਰਾਤ ਭਰ ਅਫ਼ਗ਼ਾਨਿਸਤਾਨ ’ਚ ਅਤਿਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲੇ ਕੀਤੇ ਹਨ। ਦੂਜੇ ਪਾਸੇ ਅਫ਼ਗ਼ਾਨ ਸਰਕਾਰ ਨੇ ਦੋਸ਼ ਲਾਇਆ ਕਿ ਕਾਬੁਲ ਦੇ ਮੁੜ ਵਸੇਬਾ ਹਸਪਤਾਲ ’ਤੇ ਇਸਲਾਮਾਬਾਦ ਦੇ ਹਮਲਿਆਂ ’ਚ ਘੱਟੋ-ਘੱਟ 400 ਜਣੇ ਮਾਰੇ ਗਏ ਹਨ।

ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਅਨੁਸਾਰ ਇਹ ਹਮਲੇ 26 ਫਰਵਰੀ ਨੂੰ ਸ਼ੁਰੂ ਕੀਤੇ ਗਏ ਅਪਰੇਸ਼ਨ ਗ਼ਜ਼ਬ-ਲਿਲ-ਹਕ ਦੇ ਜਾਰੀ ਰਹਿਣ ਦੌਰਾਨ ਹੋਏ ਹਨ। ਪਾਕਿਸਤਾਨ ਨੇ 2600 ਕਿਲੋਮੀਟਰ ਲੰਮੀ ਸਰਹੱਦ ’ਤੇ ਅਫ਼ਗ਼ਾਨ ਤਾਲਿਬਾਨ ਬਲਾਂ ਦੇ ਕਥਿਤ ਹਮਲਿਆਂ ਦੇ ਜਵਾਬ ’ਚ ਇਹ ਅਪਰੇਸ਼ਨ ਸ਼ੁਰੂ ਕੀਤਾ ਸੀ। ਸੂਚਨਾ ਮੰਤਰੀ ਅੱਤਾਉੱਲਾ ਤਰਾਰ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘‘ਪਾਕਿਸਤਾਨ ਦੇ ਹਥਿਆਰਬੰਦ ਬਲਾਂ ਨੇ 16 ਮਾਰਚ ਦੀ ਰਾਤ ਨੂੰ ਅਪਰੇਸ਼ਨ ਗ਼ਜ਼ਬ-ਲਿਲ-ਹਕ ਤਹਿਤ ਕਾਬੁਲ ਤੇ ਨੰਗਰਹਾਰ ’ਚ ਅਫ਼ਗ਼ਾਨ ਤਾਲਿਬਾਨ ਹਕੂਮਤ ਦੇ ਅਤਿਵਾਦ ਨੂੰ ਸ਼ਹਿ ਦੇਣ ਵਾਲੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲੇ ਕੀਤੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਕਾਬੁਲ ’ਚ ਦੋ ਥਾਵਾਂ ’ਤੇ ਤਕਨੀਕੀ ਸਹਾਇਤਾ ਢਾਂਚਾ ਅਤੇ ਗੋਲਾ-ਬਾਰੂਦ ਭੰਡਾਰਨ ਸਹੂਲਤਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ ਹੋਏ ਧਮਾਕੇ ਸਪੱਸ਼ਟ ਤੌਰ ’ਤੇ ਵੱਡੇ ਪੱਧਰ ’ਤੇ ਗੋਲਾ-ਬਾਰੂਦ ਡਿੱਪੂ ਦੀ ਮੌਜੂਦਗੀ ਦਾ ਸੰਕੇਤ ਦਿੰਦੇ ਹਨ। ਉੱਧਰ, ਅਫ਼ਗ਼ਾਨ ਤਾਲਿਬਾਨ ਦੀ ਅਗਵਾਈ ਹੇਠਲੀ ਸਰਕਾਰ ਦੇ ਉਪ ਤਰਜਮਾਨ ਹਮਦੁੱਲਾ ਫਿਤਰਤ ਨੇ ਕਿਹਾ ਕਿ ਲੰਘੀ ਰਾਤ ਪਾਕਿਸਤਾਨ ਦੀ ਬੰਬਾਰੀ ’ਚ ਅਫ਼ਗ਼ਾਨ ਰਾਜਧਾਨੀ ਸਥਿਤ ਨਸ਼ਾ ਮੁਕਤੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ 400 ਵਿਅਕਤੀ ਮਾਰੇ ਗਏ 250 ਹੋਰ ਜ਼ਖ਼ਮੀ ਹੋਏ ਹਨ।

ਭਾਰਤ ਵੱਲੋਂ ਪਾਿਕਸਤਾਨ ਦੀ ਨਿਖੇਧੀ

ਨਵੀਂ ਦਿੱਲੀ: ਭਾਰਤ ਨੇ ਅੱਜ ਅਫ਼ਗ਼ਾਨਿਸਤਾਨ ਦੇ ਕਾਬੁਲ ਸਥਿਤ ਨਸ਼ਾ ਮੁਕਤੀ ਕੇਂਦਰ ’ਤੇ ਪਾਕਿਸਤਾਨ ਦੇ ਹਵਾਈ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਅਫ਼ਗ਼ਾਨਿਸਤਾਨ ਦੀ ਪ੍ਰਭੂਸੱਤਾ ’ਤੇ ਸ਼ਰ੍ਹੇਆਮ ਹਮਲਾ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਖ਼ਤਰਾ ਦੱਸਿਆ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਇਹ ਹਿੰਸਾ ਦੀ ਬੁਜ਼ਦਿਲਾਨਾ ਤੇ ਅਣਮਨੁੱਖੀ ਕਾਰਵਾਈ ਹੈ ਜਿਸ ’ਚ ਵੱਡੀ ਗਿਣਤੀ ਆਮ ਲੋਕਾਂ ਦੀ ਜਾਨ ਚਲੀ ਗਈ। ਹੁਣ ਪਾਕਿਸਤਾਨ ‘ਕਤਲੇਆਮ ਨੂੰ ਫੌਜੀ ਮੁਹਿੰਮ ਦਾ ਰੂਪ ਦੇਣ’ ਦੀ ਕੋਸ਼ਿਸ਼ ਕਰ ਰਿਹਾ ਹੈ।’’ ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਕਿਸਤਾਨ ਦੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਬਰਬਰਤਾ ਨੂੰ ਆਲਮੀ ਪੱਧਰ ’ਤੇ ਖ਼ਾਰਜ ਕੀਤਾ ਜਾਣਾ ਚਾਹੀਦਾ ਹੈ।

Share: