ਬੱਚਿਆਂ ਦੇ ਪਾਲਣ-ਪੋਸ਼ਣ ਲਈ ਬ੍ਰਿਸਬਨ ਸਭ ਤੋਂ ਵਧੀਆ ਸ਼ਹਿਰ

ਬੱਚਿਆਂ ਦੇ ਪਾਲਣ-ਪੋਸ਼ਣ ਲਈ ਬ੍ਰਿਸਬਨ ਸਭ ਤੋਂ ਵਧੀਆ ਸ਼ਹਿਰ

ਬ੍ਰਿਸਬਨ: ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਰਾਜਧਾਨੀ ਬ੍ਰਿਸਬਨ ਨੂੰ ਬੱਚਿਆਂ ਦੇ ਪਾਲਣ-ਪੋਸ਼ਣ ਲਈ ਦੁਨੀਆ ਦਾ ਬਿਹਤਰੀਨ ਸ਼ਹਿਰ ਐਲਾਨਿਆ ਗਿਆ ਹੈ। ਆਸਟਰੇਲਿਆਈ ਕੰਪਨੀ ‘ਕੰਪੇਅਰ ਦਿ ਮਾਰਕੀਟ’ ਵੱਲੋਂ ਕੀਤੇ ਅਧਿਐਨ ਵਿੱਚ ਬ੍ਰਿਸਬਨ ਨੇ 50 ਵੱਡੇ ਸ਼ਹਿਰਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕੁੱਲ 10 ’ਚੋਂ 6.457 ਅੰਕ ਹਾਸਲ ਕਰ ਕੇ ਇਹ ਸ਼ਹਿਰ ਪਰਿਵਾਰਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਸੂਚੀ ’ਚ ਲੰਡਨ ਦੂਜੇ ਸਥਾਨ ’ਤੇ ਹੈ। ਇਹ ਅਧਿਐਨ ਰਹਿਣ-ਸਹਿਣ, ਆਰਥਿਕਤਾ, ਮਾਪਿਆਂ ਲਈ ਛੁੱਟੀਆਂ, ਬੱਚਿਆਂ ਦੀ ਸਿੱਖਿਆ, ਪਬਲਿਕ ਟਰਾਂਸਪੋਰਟ ਅਤੇ ਪਰਿਵਾਰਕ ਸਹੂਲਤਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਬ੍ਰਿਸਬਨ ਵਿੱਚ ਹਰ ਇੱਕ ਲੱਖ ਵਸਨੀਕਾਂ ਲਈ ਤਕਰੀਬਨ 85 ਪਾਰਕ ਅਤੇ ਖੇਡ ਮੈਦਾਨ ਮੌਜੂਦ ਹਨ। ਸਾਊਥ ਬੈਂਕ, ਰੋਮਾ ਸਟਰੀਟ ਪਾਰਕਲੈਂਡਸ ਅਤੇ ਬੋਟੈਨਿਕ ਗਾਰਡਨ ਵਰਗੀਆਂ ਥਾਵਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਢੁਕਵਾਂ ਮਾਹੌਲ ਸਿਰਜਦੀਆਂ ਹਨ। ਸੁਰੱਖਿਆ ਦੇ ਮਾਮਲੇ ਵਿੱਚ ਵੀ ਬ੍ਰਿਸਬਨ ਦੁਨੀਆ ਭਰ ਵਿੱਚ ਦੂਜੇ ਨੰਬਰ ’ਤੇ ਹੈ।

Share: