ਮੰਗਲਵਾਰ ਤੜਕੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸਥਿਤ ਅਮਰੀਕੀ ਦੂਤਾਵਾਸ ’ਤੇ ਪੰਜ ਡਰੋਨਾਂ ਅਤੇ ਕਈ ਰਾਕੇਟਾਂ ਨਾਲ ਜ਼ੋਰਦਾਰ ਹਮਲਾ ਕੀਤਾ ਗਿਆ, ਜਿਸ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਫੈਲਾ ਦਿੱਤੀ। ਚਸ਼ਮਦੀਦਾਂ ਅਨੁਸਾਰ, ਅਮਰੀਕੀ ਹਵਾਈ ਰੱਖਿਆ ਪ੍ਰਣਾਲੀ (C-RAM) ਨੇ ਦੋ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ, ਪਰ ਇੱਕ ਡਰੋਨ ਦੂਤਾਵਾਸ ਦੇ ਅੰਦਰ ਜਾ ਡਿੱਗਿਆ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਧੂੰਏਂ ਦੇ ਗੁਬਾਰ ਉੱਠਣ ਲੱਗੇ।
ਇਰਾਕੀ ਸੁਰੱਖਿਆ ਸੂਤਰਾਂ ਨੇ ਇਸ ਨੂੰ 28 ਫਰਵਰੀ ਤੋਂ ਜਾਰੀ ਅਮਰੀਕਾ-ਇਜ਼ਰਾਈਲ ਅਤੇ ਇਰਾਨ ਦੀ ਜੰਗ ਤੋਂ ਬਾਅਦ ਦਾ ਸਭ ਤੋਂ ਵੱਡਾ ਅਤੇ ਖ਼ਤਰਨਾਕ ਹਮਲਾ ਕਰਾਰ ਦਿੱਤਾ ਹੈ। ਇਹ ਹਮਲਾ ਇਰਾਨ ਸਮਰਥਕ ਮਿਲੀਸ਼ੀਆ ਸਮੂਹਾਂ ਵੱਲੋਂ ਆਪਣੇ ਸੀਨੀਅਰ ਕਮਾਂਡਰਾਂ ਅਤੇ ਸਾਥੀਆਂ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਮੰਨਿਆ ਜਾ ਰਿਹਾ ਹੈ। ਹਮਲੇ ਤੋਂ ਤੁਰੰਤ ਬਾਅਦ ਇਰਾਕੀ ਸੁਰੱਖਿਆ ਬਲਾਂ ਨੇ ਬਗਦਾਦ ਦੇ ਅਤਿ-ਸੁਰੱਖਿਅਤ ‘ਗ੍ਰੀਨ ਜ਼ੋਨ’ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਹੈ ਅਤੇ ਦੂਤਾਵਾਸ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਇਸ ਘਟਨਾ ਨੇ ਮੱਧ ਪੂਰਬ ਵਿੱਚ ਪਹਿਲਾਂ ਤੋਂ ਹੀ ਜਾਰੀ ਭਾਰੀ ਤਣਾਅ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਖੇਤਰ ਵਿੱਚ ਇੱਕ ਵੱਡੀ ਜੰਗ ਦਾ ਖ਼ਤਰਾ ਮੰਡਰਾ ਰਿਹਾ ਹੈ।

