ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੈਦਰਾਬਾਦ ਵਿੱਚ ਗੁਰਦੁਆਰਾ ਬਰਮਬਾਲਾ ਦੀ ਜ਼ਮੀਨ ’ਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਬਰੀ ਕਬਜ਼ਾ ਕਰਨ ਦੀ ਕੀਤੀ ਜਾ ਰਹੀ ਕਾਰਵਾਈ ’ਤੇ ਇਤਰਾਜ਼ ਕਰਦਿਆਂ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਨਾਲ ਸਬੰਧਤ ਜਗ੍ਹਾ ’ਤੇ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਰਨੀ ਨਾ ਸਿਰਫ਼ ਦੁਖਦਾਈ ਹੈ ਸਗੋਂ ਇਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀ ਹੈ। ਗੁਰਦੁਆਰਾ ਬਰਮਬਾਲਾ ਨੂੰ ਪੁਰਾਣੇ ਸਮੇਂ ਤੋਂ ਮਿਲੀ ਹੋਈ ਜ਼ਮੀਨ ’ਤੇ ਜਬਰੀ ਕਬਜ਼ੇ ਦੀ ਕੋਸ਼ਿਸ਼ ਕਰਨਾ ਕਾਨੂੰਨ ਅਤੇ ਨਿਆਂ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼ ਹੈ। ਗੁਰਦੁਆਰੇ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਿੱਖ ਧਰਮ ਵਿਚ ਗੁਰਦੁਆਰੇ ਸੰਗਤ ਦੀ ਆਸਥਾ ਅਤੇ ਵਿਸ਼ਵਾਸ ਦਾ ਕੇਂਦਰ ਹਨ। ਪ੍ਰਸ਼ਾਸਕੀ ਕਾਰਵਾਈ ਦੇ ਨਾਂ ’ਤੇ ਗੁਰਦੁਆਰੇ ਦੀ ਜਗ੍ਹਾ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਧੱਕੇਸ਼ਾਹੀ ਵਾਲੀ ਕਾਰਵਾਈ ਤੁਰੰਤ ਖ਼ਤਮ ਕਰੇ।
ਕੇਂਦਰ ਸਰਕਾਰ ਤੋਂ ਦਖ਼ਲ ਮੰਗਿਆ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਆਦਰ ਕੀਤਾ ਜਾਵੇ। ਗੁਰਦੁਆਰਾ ਬਰਮਬਾਲਾ ਨਾਲ ਸਬੰਧਤ ਜਗ੍ਹਾ ’ਤੇ ਕਬਜ਼ਾ ਕਾਰਵਾਈ ਨੂੰ ਮੁਕੰਮਲ ਤੌਰ ’ਤੇ ਰੋਕਣ ਲਈ ਸੂਬਾ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਜਾਵੇ। ਉਨ੍ਹਾਂ ਸੰਗਤ ਨੂੰ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਦੀ ਵਚਨਬਧਤਾ ਪ੍ਰਗਟਾਉਂਦਿਆਂ ਕਿਹਾ ਕਿ ਕਿਸੇ ਵੀ ਧੱਕੇਸ਼ਾਹੀ ਵਿਰੁੱਧ ਸਿੱਖ ਸੰਸਥਾ ਪੂਰੇ ਵਿਸ਼ਵ ਦੀ ਸੰਗਤ ਨਾਲ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ।
