ਐੱਲ ਪੀ ਜੀ ਸੰਕਟ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ

ਐੱਲ ਪੀ ਜੀ ਸੰਕਟ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ: ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਐੱਲ ਪੀ ਜੀ ਸੰਕਟ ’ਤੇ ਅੱਜ ਸੰਸਦੀ ਅਹਾਤੇ ਵਿੱਚ ਮੁਜ਼ਾਹਰਾ ਕੀਤਾ। ਐੱਮ ਪੀਜ਼ ਨੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਦਿਆਂ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਰੇ ਵਿੱਚ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਲ ਸਨ।

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦੀ ਇਮਾਰਤ ਦੇ ਬਾਹਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਪ੍ਰਦਰਸ਼ਨ ਸ਼ੁਰੂ ਕੀਤਾ। ਮੈਂਬਰਾਂ ਨੇ ਪੋਸਟਰ ਫੜੇ ਹੋਏ ਸਨ ਤੇ ਉਨ੍ਹਾਂ ‘ਐੱਲ ਪੀ ਜੀ ਸੰਕਟ’ ਦੇ ਨਾਅਰੇ ਲਾਏ। ਉਨ੍ਹਾਂ ਹਾਕਮ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਸਵਾਲ ਕੀਤਾ ਕਿ ‘ਗੈਸ ਸਿਲੰਡਰ ਕਿੱਥੇ ਗਏ?’ ਮਗਰੋਂ ਕਾਂਗਰਸੀ ਤੇ ‘ਇੰਡੀਆ’ ਬਲਾਕ ’ਚ ਸ਼ਾਮਲ ਹੋਰਨਾਂ ਪਾਰਟੀਆਂ ਦੇ ਸੰਸਦ ਮੈਂਬਰ ਵੀ ਪ੍ਰਦਰਸ਼ਨ ’ਚ ਸ਼ਾਮਲ ਹੋ ਗਏ। ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ’ਤੇ ਗੈਸ ਸਿਲੰਡਰਾਂ ਦੇ ਨਾਲ ‘ਗ਼ਾਇਬ’ ਹੋਣ ਦਾ ਦੋਸ਼ ਲਾਇਆ।

ਟੀ ਐੱਮ ਸੀ ਦੀ ਮਹੂਆ ਮੋਇਤਰਾ ਨੇ ਕਿਹਾ, ‘‘ਦੇਸ਼ ਵਿੱਚ ਐੱਲ ਪੀ ਜੀ ਦਾ ਵੱਡਾ ਸੰਕਟ ਹੈ। ਲੋਕਾਂ ’ਚ ਅਫ਼ਰਾ-ਤਫ਼ਰੀ ਦਾ ਮਾਹੌਲ ਹੈ। ਤੁਸੀਂ ਇਹ ਬੰਗਾਲ ’ਚ ਵੀ ਦੇਖ ਸਕਦੇ ਹੋ, ਕਿਉਂਕਿ ਮੁੱਖ ਡਿਸਟ੍ਰੀਬਿਊਟਰਾਂ ਕੋਲ ਪੂਰੇ ਸਿਸਟਮ ਦਾ ਭੱਠਾ ਬੈਠ ਗਿਆ ਹੈ, ਉਹ ਮੈਨੂਅਲ ਬੁਕਿੰਗਾਂ ਤੋਂ ਵੀ ਟਲ ਰਹੇ ਹਨ।’’ ਮੋਇਤਰਾ ਨੇ ਕਿਹਾ ਕਿ ਪੈਟਰੋਲੀਅਮ ਮੰਤਰੀ ਨੇ ‘ਦੇਸ਼ ਨੂੰ ਝੂਠ ਬੋਲਿਆ’ ਤੇ ਭਾਰਤ ਕੋਲ ਸਿਰਫ਼ 75 ਦਿਨਾਂ ਦੀ ਸਪਲਾਈ ਬਚੀ ਹੈ। ਐੱਮ ਪੀ ਨੇ ਕਿਹਾ, ‘‘ਹੁਣ ਉਨ੍ਹਾਂ ਜ਼ਰੂਰੀ ਵਸਤਾਂ ਐਕਟ ਅਮਲ ਵਿੱਚ ਲੈ ਆਂਦਾ ਹੈ। ਪ੍ਰਧਾਨ ਮੰਤਰੀ ਕਿੱਥੇ ਹਨ? ਉਹ ਪਿਛਲੇ ਪੰਜ ਦਿਨਾਂ ਤੋਂ ਸਦਨ ਵਿੱਚ ਨਹੀਂ ਆਏ।’’ ਇਸ ਦੌਰਾਨ ਸ਼ਿਵ ਸੈਨਾ ਆਗੂ ਦੇ ਰਾਜ ਸਭਾ ਮੈਂਬਰ ਮਿਲਿੰਦ ਦਿਓੜਾ ਨੇ ਵਿਰੋਧੀ ਧਿਰਾਂ ’ਤੇ ਇਸ ਮਸਲੇ ਦੇ ਸਿਆਸੀਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਪੱਛਮੀ ਏਸ਼ੀਆ ’ਚ ਅਸਥਿਰਤਾ ਨਾਲ ਨਜਿੱਠਣ ਬਾਰੇ ਭਾਰਤ ਦੀ ਰਣਨੀਤੀ ਬਾਰੇ ਪਹਿਲਾਂ ਹੀ ਦੱਸ ਚੁੱਕੀ ਹੈ।

Share: