ਐੱਸ ਏ ਐੱਸ ਨਗਰ (ਮੁਹਾਲੀ): ਪਿਛਲੇ ਵਰ੍ਹੇ ਪਟਿਆਲਾ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਇੱਥੇ ਸਥਿਤ ਸੀ ਬੀ ਆਈ ਦੇ ਵਿਸ਼ੇਸ਼ ਜੱਜ ਕਰਨਵੀਰ ਸਿੰਘ ਮਾਜੂ ਦੀ ਅਦਾਲਤ ਨੇ ਅੱਜ ਮੁਲਜ਼ਮ ਇੰਸਪੈਕਟਰ ਰੌਨੀ ਸਿੰਘ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਇੰਸਪੈਕਟਰ ਹੈਰੀ ਬੋਪਰਾਏ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਇੱਕ ਲੱਖ ਰੁਪਏ ਦੇ ਮੁਚੱਲਕੇ ਅਤੇ ਕੁੱਝ ਹੋਰ ਸ਼ਰਤਾਂ ਤਹਿਤ ਪੱਕੀ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ। ਸੀ ਬੀ ਆਈ ਵੱਲੋਂ ਸਬੰਧਤ ਮਾਮਲੇ ਵਿੱਚ ਦੋਸ਼ ਪੱਤਰ ਦਾਖ਼ਲ ਕਰਨ ਸਮੇਂ ਚਲਾਨ ਵਿੱਚੋਂ ਇਰਾਦਾ ਕਤਲ ਦੀ ਧਾਰਾ ਹਟਾ ਲਈ ਗਈ ਸੀ। ਅਦਾਲਤ ਵਿੱਚ ਚਾਲਾਨ ਪੇਸ਼ ਹੋਣ ਮਗਰੋਂ ਸਬੰਧਤ ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਏ ਸੀ ਅਤੇ ਅਦਾਲਤ ਨੇ ਉਨ੍ਹਾਂ ਦੀ ਆਰਜ਼ੀ ਜ਼ਮਾਨਤ ਪ੍ਰਵਾਨ ਕਰ ਲਈ ਸੀ। ਅੱਜ ਤਿੰਨੋਂ ਮੁਲਜ਼ਮ ਅਦਾਲਤ ’ਚ ਹਾਜ਼ਰ ਸਨ। ਪਿਛਲੀ ਤਰੀਕ 24 ਫ਼ਰਵਰੀ ਨੂੰ ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਆਪੋ-ਆਪਣੇ ਪਾਸਪੋਰਟ ਅਦਾਲਤ ਵਿੱਚ ਅਹਿਲਮਦ ਕੋਲ ਜਮ੍ਹਾਂ ਕਰਵਾ ਦਿੱਤੇ ਹਨ। ਇੰਸਪੈਕਟਰ ਰੌਨੀ ਸਿੰਘ ਨੇ ਅਦਾਲਤ ’ਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਤੇ ਗੁਰਤੇਜ ਸਿੰਘ ਢਿੱਲੋਂ ਨੂੰ ਪ੍ਰੈੱਸ ਕਾਨਫਰੰਸ ਤੇ ਜਨਤਕ ਬਿਆਨਬਾਜ਼ੀ ਕਰਨ ਤੋਂ ਰੋਕਣ ਦੀ ਦਰਖ਼ਾਸਤ ਦਿੱਤੀ ਹੈ।
Posted inMohali (SAS Nagar)
