ਪਟਨਾ: ਬਿਹਾਰ ਦੇ ਰਿਕਾਰਡ 10 ਵਾਰ ਮੁੱਖ ਮੰਤਰੀ ਰਹੇ ਨਿਤੀਸ਼ ਕੁਮਾਰ ਨੇ ਅੱਜ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਕੇ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ। ਉਨ੍ਹਾਂ ਦੇ ਰਾਜ ਸਭਾ ’ਚ ਚੁਣੇ ਜਾਣ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਜਾਵੇਗਾ। ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਭਾਜਪਾ ਦਾ ਕੋਈ ਆਗੂ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠੇਗਾ। ਜੇ ਇੰਝ ਹੁੰਦਾ ਹੈ ਤਾਂ ਬਿਹਾਰ ’ਚ ਪਹਿਲੀ ਵਾਰ ਭਾਜਪਾ ਦਾ ਮੁੱਖ ਮੰਤਰੀ ਬਣੇਗਾ। ਸਿਆਸੀ ਹਲਕਿਆਂ ਮੁਤਾਬਕ ਨਿਤੀਸ਼ ਦੇ ਪੁੱਤਰ ਨਿਸ਼ਾਂਤ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਨਿਤੀਸ਼ ਦੇ ਇਸ ਫ਼ੈਸਲੇ ਨਾਲ ਬਿਹਾਰ ਦੇ ਸਿਆਸੀ ਜ਼ਰਬ-ਤਕਸੀਮ ਬਦਲ ਜਾਣਗੇ।
ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਪੱਤਰ ਭਰੇ। ਇਸ ਤੋਂ ਪਹਿਲਾਂ ਸਵੇਰੇ ਨਿਤੀਸ਼ ਕੁਮਾਰ ਨੇ ਰਾਜ ਸਭਾ ਵਿੱਚ ਜਾਣ ਦੇ ਆਪਣੇ ਇਰਾਦੇ ਜ਼ਾਹਰ ਕਰਦਿਆਂ ਕਿਹਾ ਸੀ ਕਿ ਇਹ ਇੱਕੋ-ਇੱਕ ਸਦਨ ਹੈ ਜਿਸ ਦੇ ਉਹ ਹੁਣ ਤੱਕ ਮੈਂਬਰ ਨਹੀਂ ਰਹੇ ਹਨ। ਸਾਲ 2005 ਤੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਨਿਤੀਸ਼ ਕੁਮਾਰ ਨੇ ਕਿਹਾ ਕਿ ਸੂਬੇ ਵਿੱਚ ਬਣਨ ਵਾਲੀ ਨਵੀਂ ਸਰਕਾਰ ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਤੇ ਮਾਰਗਦਰਸ਼ਨ ਮਿਲੇਗਾ।
ਬਿਹਾਰ ’ਚ ਪਹਿਲੀ ਵਾਰ ਭਾਜਪਾ ਸਰਕਾਰ ਬਣਨ ਦੀ ਸੰਭਾਵਨਾ
ਪਟਨਾ: ਜਨਤਾ ਦਲ (ਯੂ) ਸੁਪਰੀਮੋ ਨਿਤੀਸ਼ ਕੁਮਾਰ ਦੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਭਰਨ ਨਾਲ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਹੈ। ਭਾਜਪਾ ਦਾ ਬਿਹਾਰ ’ਚ ਆਪਣਾ ਮੁੱਖ ਮੰਤਰੀ ਬਣਾਉਣ ਦਾ ਸੁਫਨਾ ਹੁਣ ਪੂਰਾ ਹੋ ਸਕਦਾ ਹੈ। ਭਾਜਪਾ ’ਚ ਮੁੱਖ ਮੰਤਰੀ ਦੀ ਕੁਰਸੀ ਲਈ ਸਮਰਾਟ ਚੌਧਰੀ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਜੋ ਓ ਬੀ ਸੀ ਹਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇੜੇ ਹਨ। ਇਸ ਤੋਂ ਇਲਾਵਾ ਸੰਘ ਪਰਿਵਾਰ ਨਾਲ ਜੁੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦਾ ਨਾਮ ਵੀ ਚਰਚਾ ’ਚ ਹੈ। ਉਂਝ ਭਾਜਪਾ ਦੇ ਹਲਕਿਆਂ ਨੇ ਕਿਹਾ ਕਿ ਪਾਰਟੀ ਬਿਹਾਰ ’ਚ ਕਿਸੇ ਸਾਧਾਰਨ ਆਗੂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਠਾ ਸਕਦੀ ਹੈ।
ਲੋਕਾਂ ਦੇ ਫ਼ਤਵੇ ਨਾਲ ਵਿਸ਼ਵਾਸਘਾਤ: ਤੇਜਸਵੀ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮਗਰੋਂ ਸਿਆਸਤ ਭਖ਼ ਗਈ ਹੈ। ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਇਹ ਲੋਕਾਂ ਦੇ ਫ਼ਤਵੇ ਨਾਲ ਵਿਸ਼ਵਾਸਘਾਤ ਹੈ। ਭਾਜਪਾ ਨੇ ਦਲਿਤਾਂ ਅਤੇ ਓ ਬੀ ਸੀਜ਼ ਦਾ ਹਮੇਸ਼ਾ ਵਿਰੋਧ ਕੀਤਾ ਹੈ ਅਤੇ ਨਿਤੀਸ਼ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਨਾਲ ਭਗਵਾ ਪਾਰਟੀ ਸਮਾਜਵਾਦ ਦੇ ਮਜ਼ਬੂਤ ਗੜ੍ਹ ’ਚ ਆਪਣਾ ਏਜੰਡਾ ਲਾਗੂ ਕਰੇਗੀ। ਭਾਜਪਾ ’ਤੇ ਬਿਹਾਰ ’ਚ ਮਹਾਰਾਸ਼ਟਰ ਦਾ ਮਾਡਲ ਲਾਗੂ ਕਰਨ ਦਾ ਦੋਸ਼ ਲਾਉਂਦਿਆਂ ਤੇਜਸਵੀ ਨੇ ਕਿਹਾ, ‘‘ਨਿਤੀਸ਼ ਜੀ ਨੂੰ ਘੋੜੀ ਤਾਂ ਚੜ੍ਹਾਇਆ ਹੈ ਦੁਲਹਾ ਬਣਾ ਕੇ ਪਰ ਫੇਰੇ ਕਿਸੇ ਹੋਰ ਨਾਲ ਦਿਵਾਏ ਜਾ ਰਹੇ ਹਨ।’’

