ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਬੀ.ਬੀ. ਗੋਇਲ ਵਿਰੁੱਧ ਆਪਣੀ ਪਤਨੀ ਸੀਮਾ ਗੋਇਲ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਵੰਬਰ 2021 ਵਿੱਚ ਦੀਵਾਲੀ ਦੀ ਰਾਤ ਨੂੰ ਯੂਨੀਵਰਸਿਟੀ ਸਥਿਤ ਸਰਕਾਰੀ ਰਿਹਾਇਸ਼ ਵਿੱਚ ਸੀਮਾ ਗੋਇਲ ਦੀ ਲਾਸ਼ ਬੇਹੱਦ ਦਰਦਨਾਕ ਹਾਲਤ ਵਿੱਚ ਮਿਲੀ ਸੀ। ਉਨ੍ਹਾਂ ਦੇ ਹੱਥ-ਪੈਰ ਰੱਸੀਆਂ ਨਾਲ ਬੱਝੇ ਹੋਏ ਸਨ ਅਤੇ ਮੂੰਹ ਵਿੱਚ ਕੱਪੜਾ ਤੁੰਨਿਆ ਹੋਇਆ ਸੀ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਲਗਭਗ ਚਾਰ ਸਾਲਾਂ ਤੱਕ ਇਹ ਮਾਮਲਾ ਪੁਲੀਸ ਲਈ ਇੱਕ ਰਹੱਸ ਬਣਿਆ ਰਿਹਾ, ਪਰ ਡੂੰਘੀ ਜਾਂਚ ਅਤੇ ਪੌਲੀਗ੍ਰਾਫ ਟੈਸਟ ਤੋਂ ਬਾਅਦ ਪੁਲੀਸ ਨੇ ਦਸੰਬਰ 2025 ਵਿੱਚ ਪ੍ਰੋਫੈਸਰ ਗੋਇਲ ਨੂੰ ਗ੍ਰਿਫਤਾਰ ਕਰ ਲਿਆ ਸੀ।
ਪੁਲੀਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪ੍ਰੋਫੈਸਰ ਨੇ ਪੁਲੀਸ ਨੂੰ ਗੁੰਮਰਾਹ ਕਰਨ ਲਈ ਲੁੱਟ-ਖੋਹ ਦੀ ਇੱਕ ਝੂਠੀ ਕਹਾਣੀ ਘੜੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਹ ਘਰ ਦੀ ਉਪਰਲੀ ਮੰਜ਼ਿਲ ’ਤੇ ਸੌ ਰਿਹਾ ਸੀ ਅਤੇ ਲੁਟੇਰਿਆਂ ਨੇ ਖਿੜਕੀ ਰਾਹੀਂ ਅੰਦਰ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ, ਫੋਰੈਂਸਿਕ ਜਾਂਚ ਵਿੱਚ ਪਾਇਆ ਗਿਆ ਕਿ ਖਿੜਕੀ ਦੀਆਂ ਗਰਿੱਲਾਂ ਅੰਦਰੋਂ ਕੱਟੀਆਂ ਗਈਆਂ ਸਨ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਕੋਈ ਵੀ ਬਾਹਰੋਂ ਅੰਦਰ ਨਹੀਂ ਆਇਆ ਸੀ। ਸੀਮਾ ਗੋਇਲ ਪ੍ਰੋਫੈਸਰ ਦੀ ਦੂਜੀ ਪਤਨੀ ਸੀ ਅਤੇ ਪੁਲੀਸ ਦਾ ਮੰਨਣਾ ਹੈ ਕਿ ਕਤਲ ਦੀ ਸਾਜ਼ਿਸ਼ ਬਹੁਤ ਸੋਚੀ-ਸਮਝੀ ਰਣਨੀਤੀ ਤਹਿਤ ਰਚੀ ਗਈ ਸੀ।

