ਦਿੱਲੀ ਵਿੱਚ ਤਿੰਨ ਬੈਂਕਾਂ ਅਤੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਦਿੱਲੀ ਵਿੱਚ ਤਿੰਨ ਬੈਂਕਾਂ ਅਤੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ: ਦਿੱਲੀ ਦੇ ਤਿੰਨ ਬੈਂਕਾਂ ਅਤੇ ਛੇ ਸਕੂਲਾਂ ਨੂੰ ਅੱਜ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਮਗਰੋਂ ਸੁਰੱਖਿਆ ਦਸਤਿਆਂ ਨੂੰ ਇਨ੍ਹਾਂ ਥਾਵਾਂ ’ਤੇ ਜਾਂਚ ਪੜਤਾਲ ਲਈ ਭੇਜਿਆ ਗਿਆ ਪਰ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦਿੱਲੀ ਫਾਇਰ ਸਰਵਿਸ (ਡੀ ਐੱਫ ਐੱਸ) ਦੇ ਅਧਿਕਾਰੀ ਨੇ ਦੱਸਿਆ ਕਿ ਕਨਾਟ ਪਲੇਸ ਸਥਿਤ ਐਕਸਿਸ ਬੈਂਕ ਦੀ ਸ਼ਾਖਾ, ਭਾਰਤੀ ਸਟੇਟ ਬੈਂਕ ਦੀ ਏਮਜ਼ ਸ਼ਾਖਾ ਅਤੇ ਪੂੁਰਬੀ ਦਿੱਲੀ ਦੇ ਸ਼ਾਹਦਰਾ ਸਥਿਤ ਐੱਸ ਬੀ ਆਈ ਸ਼ਾਖਾ ਨੂੰ ਧਮਕੀ ਭਰੀ ਈਮੇਲ ਮਿਲੀ। ਇਸੇ ਤਰ੍ਹਾਂ ਦਿੱਲੀ ਕੈਂਟ ਦੇ ਆਰਮੀ ਪਬਲਿਕ ਸਕੂਲ, ਸਲਵਾਨ ਪਬਲਿਕ ਸਕੂਲ, ਸਰਦਾਰ ਪਟੇਲ ਵਿਦਿਆਲਿਆ, ਜਨਕਪੁਰੀ ਦੇ ਮੀਰਾ ਪਬਲਿਕ ਸਕੂਲ, ਰਾਮਜਸ ਪਬਲਿਕ ਸਕੂਲ ਅਤੇ ਰਾਜੇਂਦਰ ਨਗਰ ਦੇ ਰਾਮਜਸ ਸਕੂਲ ਨੂੰ ਵੀ ਧਮਕੀ ਵਾਲੀ ਈਮੇਲ ਪ੍ਰਾਪਤ ਹੋਈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਕੂਲ ਕੰਪਲੈਕਸ ਅਤੇ ਬੈਂਕ ਅਦਾਰਿਆਂ ਨੂੰ ਤੁਰੰਤ ਖ਼ਾਲੀ ਕਰਵਾ ਕੇ ਸੁਰੱਖਿਆ ਬਲਾਂ ਨੇ ਤਲਾਸ਼ੀ ਲਈ ਪਰ ਅਜੇ ਤੱਕ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

Share: