ਆਬਕਾਰੀ ਘੁਟਾਲਾ ਕੇਸ ’ਚੋਂ ਕੇਜਰੀਵਾਲ ਤੇ ਸਿਸੋਦੀਆ ਬਰੀ

ਆਬਕਾਰੀ ਘੁਟਾਲਾ ਕੇਸ ’ਚੋਂ ਕੇਜਰੀਵਾਲ ਤੇ ਸਿਸੋਦੀਆ ਬਰੀ

ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 21 ਹੋਰਾਂ ਨੂੰ ਸ਼ਰਾਬ ਨੀਤੀ ਸਬੰਧੀ ਕੇਸ ’ਚੋਂ ਬਰੀ ਕਰ ਦਿੱਤਾ ਹੈ ਅਤੇ ਸੀ ਬੀ ਆਈ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦਾ ਮਾਮਲਾ ਨਿਆਂਇਕ ਸਮੀਖਿਆ ’ਤੇ ਖਰਾ ਉਤਰਨ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਇਸ ਮਾਮਲੇ ’ਚ ਬਰੀ ਕੀਤੇ ਗਏ 21 ਹੋਰ ਮੁਲਜ਼ਮਾਂ ’ਚ ਤਿਲੰਗਾਨਾ ਜਾਗ੍ਰਿਤੀ ਦੀ ਪ੍ਰਧਾਨ ਕੇ ਕਵਿਤਾ ਵੀ ਸ਼ਾਮਲ ਹੈ। ਅਦਾਲਤ ਨੇ ਇੱਕ ਲੋਕ ਸੇਵਕ ਨੂੰ ਫਸਾਉਣ ਲਈ ਸੀ ਬੀ ਆਈ ਦੇ ਜਾਂਚ ਅਧਿਕਾਰੀ ਖ਼ਿਲਾਫ਼ ਵਿਭਾਗੀ ਜਾਂਚ ਦੀ ਸਿਫਾਰਸ਼ ਵੀ ਕੀਤੀ ਹੈ। ਇਸੇ ਦੌਰਾਨ ‘ਆਪ’ ਆਗੂਆਂ ਤੇ ਹਮਾਇਤੀਆਂ ਨੇ ਜਿੱਥੇ ਅਦਾਲਤੀ ਫ਼ੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਹਾਕਮ ਧਿਰ ਭਾਜਪਾ ਨੇ ਸ੍ਰੀ ਕੇਜਰੀਵਾਲ ਨੂੰ ਜਨਤਾ ਵੱਲੋਂ ਸਿਆਸੀ ਤੌਰ ’ਤੇ ਨਕਾਰਿਆ ਜਾ ਚੁੱਕਾ ਆਗੂ ਕਰਾਰ ਦਿੱਤਾ ਹੈ।

ਰਾਊਜ਼ ਐਵੇਨਿਊ ਅਦਾਲਤ ਦੇ ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਨੇ ਕਿਹਾ, ‘‘ਇਸ ਅਦਾਲਤ ਨੂੰ ਇਹ ਮੰਨਣ ’ਚ ਕੋਈ ਝਿਜਕ ਨਹੀਂ ਹੈ ਕਿ ਰਿਕਾਰਡ ’ਚ ਰੱਖੀ ਗਈ ਜਾਣਕਾਰੀ ਨਾਲ ਕਿਸੇ ਵੀ ਮੁਲਜ਼ਮ ਖ਼ਿਲਾਫ਼ ਮੁੱਢਲੀ ਨਜ਼ਰੇ ਕੋਈ ਵੀ ਕੇਸ ਨਹੀਂ ਬਣਦਾ ਅਤੇ ਨਾ ਹੀ ਕੋਈ ਗੰਭੀਰ ਸ਼ੱਕ ਹੈ। ਇਸ ਲਈ ਮੁਲਜ਼ਮ ਨੰਬਰ 1 ਤੋਂ 23 ਨੂੰ ਇਸ ਮਾਮਲੇ ’ਚ ਉਨ੍ਹਾਂ ਖ਼ਿਲਾਫ਼ ਲਾਏ ਗਏ ਸਾਰੇ ਦੋਸ਼ਾਂ ਤੋਂ ਬਰੀ ਕੀਤਾ ਜਾਂਦਾ ਹੈ।’’ ਅਦਾਲਤ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਜਾਂਚ ਪਹਿਲਾਂ ਤੋਂ ਤੈਅ ਰਾਹ ’ਤੇ ਅੱਗੇ ਵਧੀ ਹੈ ਜਿਸ ’ਚ ਨੀਤੀ ਬਣਾਉਣ ਜਾਂ ਲਾਗੂ ਕਰਨ ਨਾਲ ਜੁੜੇ ਤਕਰੀਬਨ ਹਰ ਵਿਅਕਤੀ ਨੂੰ ਫਸਾਇਆ ਗਿਆ ਹੈ ਤਾਂ ਜੋ ਕਮਜ਼ੋਰ ਕਹਾਣੀ ਨੂੰ ਡੂੰਘਾਈ ਦੇ ਭਰੋਸੇ ਦਾ ਭਰਮ ਦਿੱਤਾ ਜਾ ਸਕੇ। ਅਜਿਹੇ ਦੋਸ਼ਾਂ ਨੂੰ ਗੋਆ ਵਿਧਾਨ ਸਭਾ ਚੋਣਾਂ ਨਾਲ ਜੋੜਨਾ ਕਾਨੂੰਨੀ ਤੌਰ ’ਤੇ ਟਿਕਾਊ ਚੀਜ਼ਾਂ ਦੀ ਥਾਂ ਧਾਰਨਾ ’ਤੇ ਵਧ ਆਧਾਰਿਤ ਹਨ। ਪ੍ਰਾਪਤ ਸਬੂਤਾਂ ਅਨੁਸਾਰ ਨੀਤੀ ਵਿਸਥਾਰਤ ਵਿਚਾਰ ਚਰਚਾ ਦੇ ਨਤੀਜੇ ਮਗਰੋਂ ਲਿਆਂਦੀ ਗਈ ਹੈ। ਉਨ੍ਹਾਂ ਕਿਹਾ, ‘‘ਹਾਲਾਂਕਿ ਉਪ ਰਾਜਪਾਲ ਤੋਂ ਸੁਝਾਅ ਲੈਣ ਦੀ ਕੋਈ ਕਾਨੂੰਨੀ ਜਾਂ ਸੰਵਿਧਾਨਕ ਲੋੜ ਨਹੀਂ ਸੀ ਪਰ ਫਾਈਲ ਨੋਟਿੰਗ ਤੋਂ ਸਾਫ ਪਤਾ ਲਗਦਾ ਹੈ ਕਿ ਫਿਰ ਵੀ ਅਜਿਹੇ ਸੁਝਾਅ ਮੰਗੇ ਗਏ, ਉਨ੍ਹਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ। ਇਸ ਤਰ੍ਹਾਂ ਨੀਤੀ ਬਣਾਉਣ ਦੀ ਪ੍ਰਕਿਰਿਆ ’ਚ ਇਮਾਨਦਾਰੀ ਦੀ ਪੁਸ਼ਟੀ ਦਸਤਾਵੇਜ਼ੀ ਰਿਕਾਰਡ ਨਾਲ ਹੋ ਜਾਂਦੀ ਹੈ।’’

ਅਦਾਲਤ ਨੇ ਨਾਲ ਹੀ ਸੀ ਬੀ ਆਈ ਵੱਲੋਂ ‘ਸਾਊਥ ਗਰੁੱਪ’ ਸ਼ਬਦ ਦੀ ਵਰਤੋਂ ਕੀਤੇ ਜਾਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਏਜੰਸੀ ਨੂੰ ਭਾਸ਼ਾ ਦੀ ਚੋਣ ਵਿੱਚ ਸੰਜਮ ਵਰਤਣ ਦੀ ਚਿਤਾਵਨੀ ਦਿੱਤੀ। ਅਦਾਲਤ ਨੇ ਇਹ ਵੀ ਕਿਹਾ ਕਿ ਅਜਿਹੀ ਸ਼ਬਦਾਵਲੀ ਦਾ ਕਾਨੂੰਨ ਵਿੱਚ ਕੋਈ ਆਧਾਰ ਨਹੀਂ ਹੈ। ਇਸੇ ਦੌਰਾਨ ਅਦਾਲਤ ਨੇ ਸੀ ਬੀ ਆਈ ਦੇ ਜਾਂਚ ਅਧਿਕਾਰੀ ਖ਼ਿਲਾਫ਼ ਵਿਭਾਗੀ ਜਾਂਚ ਦੀ ਸਿਫਾਰਸ਼ ਕਰਦਿਆਂ ਕਿਹਾ, ‘‘ਅਦਾਲਤ ਦਾ ਫਰਜ਼ ਸਿਰਫ਼ ਘੜੀ ਗਈ ਜਾਂਚ ਸਮੱਗਰੀ ਨੂੰ ਰੱਦ ਕਰਨਾ ਹੀ ਨਹੀਂ ਹੈ, ਸਗੋਂ ਮੁਲਜ਼ਮ ਨੰਬਰ 1 (ਕੁਲਦੀਪ ਸਿੰਘ) ਨੂੰ ਮੁਲਜ਼ਮ ਵਜੋਂ ਫਸਾਉਣ ਲਈ ਦੋਸ਼ੀ ਜਾਂਚ ਅਧਿਕਾਰੀ ਖ਼ਿਲਾਫ਼ ਢੁੱਕਵੀਂ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੀ ਸਿਫ਼ਾਰਸ਼ ਕਰਨਾ ਵੀ ਹੈ।’’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਦਾਲਤੀ ਫ਼ੈਸਲੇ ਦਾ ਸਵਾਗਤ ਕਰਦਿਆਂ ਐਕਸ ’ਤੇ ਲਿਖਿਆ, ‘‘ਸੱਚ ਹਮੇਸ਼ਾ ਜਿੱਤਦਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਅਦਾਲਤ ਨੇ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਅਦਾਲਤ ਦੇ ਇਸ ਫ਼ੈਸਲੇ ਨੇ ਸੱਚਾਈ ਨੂੰ ਸਾਹਮਣੇ ਲਿਆਂਦਾ ਹੈ। ਸਮੇਂ ਦੇ ਨਾਲ, ਹੋਰ ਸਾਰੇ ਮਾਮਲਿਆਂ ਦੀ ਸੱਚਾਈ ਵੀ ਸਾਹਮਣੇ ਆ ਜਾਵੇਗੀ। ਇਨਕਲਾਬ ਜ਼ਿੰਦਾਬਾਦ।’’

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਨੇ ਪੱਕੇ ਇਮਾਨਦਾਰ ਅਰਵਿੰਦ ਕੇਜਰੀਵਾਲ ਵਿਰੁੱਧ ਝੂਠੇ ਕੇਸ ਸਿਰਫ ਦਿੱਲੀ ਵਿੱਚ ਸੱਤਾ ਹਾਸਲ ਕਰਨ ਲਈ ਦਾਇਰ ਕੀਤੇ ਸਨ। ਅਰਵਿੰਦ ਕੇਜਰੀਵਾਲ ਨੇ ਆਪਣੀ ਪੂਰੀ ਜ਼ਿੰਦਗੀ ਇਮਾਨਦਾਰੀ ਨਾਲ ਬਤੀਤ ਕੀਤੀ ਅਤੇ ਸਿਰਫ ਦੇਸ਼ ਦੀ ਤਰੱਕੀ ਬਾਰੇ ਸੋਚਿਆ। ਉਨ੍ਹਾਂ ਨੂੰ ਯਕੀਨ ਸੀ ਕਿ ਸੱਚ ਜਿੱਤੇਗਾ। ਇਸੇ ਤਰ੍ਹਾਂ ‘ਆਪ’ ਆਗੂਆਂ ਸੰਜੈ ਸਿੰਘ, ਸੌਰਭ ਭਾਰਦਵਾਜ, ਆਤਿਸ਼ੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਉੱਧਰ, ਭਾਜਪਾ ਦੇ ਬੁਲਾਰੇ ਤੇ ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਭਾਵੇਂ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਾਮਲੇ ਵਿੱਚ ‘ਸਬੂਤਾਂ ਦੀ ਘਾਟ’ ਕਾਰਨ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੂੰ ਦੋਸ਼ਮੁਕਤ ਕਰ ਦਿੱਤਾ ਹੈ, ਪਰ ਕੌਮੀ ਰਾਜਧਾਨੀ ਦੇ ਲੋਕ ਪਹਿਲਾਂ ਹੀ ਉਨ੍ਹਾਂ ਨੂੰ ‘ਸਿਆਸੀ ਆਧਾਰ ’ਤੇ ਜਵਾਬ’ ਦੇ ਚੁੱਕੇ ਹਨ ਅਤੇ ਹੁਣ ਜਾਂਚ ਏਜੰਸੀ ਤਕਨੀਕੀ ਆਧਾਰ ’ਤੇ ਆਪਣੀ ਅਗਲੀ ਕਾਰਵਾਈ ਬਾਰੇ ਫੈਸਲਾ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਅਦਾਲਤ ਦੇ ਫ਼ੈਸਲੇ ਦਾ ਅਧਿਐਨ ਕਰਨ ਤੋਂ ਬਾਅਦ ‘ਵਿਸਥਾਰ ਨਾਲ ਜਵਾਬ ਦੇਵੇਗੀ। ਇਸੇ ਤਰ੍ਹਾਂ ਦਿੱਲੀ ਭਾਜਪਾ ਦੇ ਪ੍ਰਧਾਨ ਵਿਰੇਂਦਰ ਸਚਦੇਵਾ ਨੇ ਕਿਹਾ ਕਿ ਕਈ ਸਵਾਲਾਂ ਦੇ ਜਵਾਬ ਹਾਲੇ ਨਹੀਂ ਮਿਲੇ ਤੇ ਕਾਨੂੰਨੀ ਪ੍ਰਕਿਰਿਆ ਹਾਲੇ ਜਾਰੀ ਹੈ। -ਪੀਟੀਆਈ

ਸੀ ਬੀ ਆਈ ਵੱਲੋਂ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ

ਨਵੀਂ ਦਿੱਲੀ: ਸੀ ਬੀ ਆਈ ਨੇ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਕਈ ਅਜਿਹੇ ਨੁਕਤੇ ਉਠਾਏ ਹਨ ਜਿਨ੍ਹਾਂ ਨੂੰ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ ਤੈਅ ਕੀਤੇ ਜਾਣ ਦੇ ਪੱਧਰ ’ਤੇ ਨਜ਼ਰ ਅੰਦਾਜ਼ ਕੀਤਾ ਗਿਆ ਹੈ ਅਤੇ ਉਨ੍ਹਾਂ ’ਤੇ ਵਿਚਾਰ ਨਹੀਂ ਕੀਤਾ ਗਿਆ। ਏਜੰਸੀ ਦੇ ਬੁਲਾਰੇ ਨੇ ਇਸ ਤੋਂ ਪਹਿਲਾਂ ਦਿਨੇ ਕਿਹਾ ਸੀ, ‘ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ’ਚ ਤੁਰੰਤ ਅਪੀਲ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਜਾਂਚ ਦੇ ਕਈ ਪੱਖਾਂ ਨੂੰ ਜਾਂ ਤਾਂ ਨਜ਼ਰਅੰਦਾਜ਼ ਕੀਤਾ ਗਿਆ ਹੈ ਜਾਂ ਉਨ੍ਹਾਂ ’ਤੇ ਢੁੱਕਵੇਂ ਢੰਗ ਨਾਲ ਵਿਚਾਰ ਨਹੀਂ ਕੀਤਾ ਗਿਆ।’

ਜ਼ਿੰਦਗੀ ’ਚ ਸਿਰਫ਼ ਇਮਾਨਦਾਰੀ ਕਮਾਈ: ਕੇਜਰੀਵਾਲ

ਅਦਾਲਤ ਵੱਲੋਂ ਆਬਕਾਰੀ ਘੁਟਾਲਾ ਕੇਸ ’ਚੋਂ ਬਰੀ ਕੀਤੇ ਜਾਣ ਦਾ ਫ਼ੈਸਲਾ ਆਉਣ ਮਗਰੋਂ ਅਰਵਿੰਦ ਕੇਜਰੀਵਾਲ ਭਾਵੁਕ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟ ਨਹੀਂ ਹਨ ਤੇ ਉਨ੍ਹਾਂ ਸਾਰੀ ਜ਼ਿੰਦਗੀ ਸਿਰਫ਼ ਇਮਾਨਦਾਰੀ ਕਮਾਈ ਹੈ।

ਰਾਊਜ਼ ਐਵੇਨਿਊ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਪਿਛਲੇ ਕੁਝ ਸਾਲਾਂ ਵਿੱਚ ਭਾਜਪਾ ਨੇ ਸਾਡੇ ’ਤੇ ਸ਼ਰਾਬ ਘੁਟਾਲੇ ਦਾ ਵਾਰ-ਵਾਰ ਦੋਸ਼ ਲਗਾਇਆ ਹੈ। ਅੱਜ ਅਦਾਲਤ ਨੇ ਉਹ ਸਾਰੇ ਦੋਸ਼ ਖਾਰਜ ਕਰ ਦਿੱਤੇ ਅਤੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਅਸੀਂ ਹਮੇਸ਼ਾ ਕਿਹਾ ਹੈ ਕਿ ਸੱਚ ਦੀ ਜਿੱਤ ਹੁੰਦੀ ਹੈ। ਸਾਨੂੰ ਭਾਰਤੀ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਹੈ। ਮੈਂ ਉਸ ਜੱਜ ਦਾ ਬਹੁਤ ਧੰਨਵਾਦੀ ਹਾਂ ਜਿਸ ਨੇ ਸਾਡੇ ਨਾਲ ਇਨਸਾਫ਼ ਕੀਤਾ ਹੈ। ਸੱਚ ਦੀ ਜਿੱਤ ਹੋਈ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਸਿਰਫ਼ ਇਮਾਨਦਾਰੀ ਕਮਾਈ ਹੈ। ਇਹ ਪੂਰਾ ਮਾਮਲਾ ਨਕਲੀ ਸੀ। ਸੱਤਿਆਮੇਵ ਜਯਤੇ।’’

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਮਿਲ ਕੇ ਆਜ਼ਾਦ ਭਾਰਤ ਵਿੱਚ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਰਚੀ। ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਲਈ ਪਾਰਟੀ ਦੇ ਪੰਜ ਅਹਿਮ ਆਗੂਆਂ ਨੂੰ ਜੇਲ੍ਹ ਭੇਜਿਆ ਗਿਆ। ਇੱਥੋਂ ਤੱਕ ਕਿ ਇੱਕ ਅਹੁਦੇ ਉਤੇ ਕਾਇਮ ਮੁੱਖ ਮੰਤਰੀ ਨੂੰ ਵੀ, ਜੋ ਭਾਰਤ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ, ‘‘ਅੱਜ ਇੱਕ ਵਾਰ ਫਿਰ ਸਾਨੂੰ ਬਾਬਾ ਸਾਹਿਬ ਅੰਬੇਡਕਰ ਦੀ ਦੂਰਦਰਸ਼ੀ ਸੋਚ ਅਤੇ ਉਨ੍ਹਾਂ ਦੇ ਬਣਾਏ ਸੰਵਿਧਾਨ ’ਤੇ ਮਾਣ ਹੈ। ਮੋਦੀ ਦੀ ਪੂਰੀ ਪਾਰਟੀ ਤੇ ਸਾਰੀਆਂ ਏਜੰਸੀਆਂ ਵੱਲੋਂ ਸਾਨੂੰ ਬੇਇਮਾਨ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਇਹ ਸਾਬਤ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਇਮਾਨਦਾਰ ਹਨ।’’

Share: