ਰਾਜਸਥਾਨ: ਪਾਕਿਸਤਾਨ ਤੋਂ ਭੇਜਿਆ ਡਰੋਨ ਕ੍ਰੈਸ਼; 5 ਚੀਨੀ ਪਿਸਤੌਲ ਅਤੇ 325 ਜਿੰਦਾ ਕਾਰਤੂਸ ਜ਼ਬਤ

ਰਾਜਸਥਾਨ: ਪਾਕਿਸਤਾਨ ਤੋਂ ਭੇਜਿਆ ਡਰੋਨ ਕ੍ਰੈਸ਼; 5 ਚੀਨੀ ਪਿਸਤੌਲ ਅਤੇ 325 ਜਿੰਦਾ ਕਾਰਤੂਸ ਜ਼ਬਤ

ਅਬੋਹਰ/ਸ੍ਰੀਗੰਗਾਨਗਰ: ਰਾਜਸਥਾਨ ਜ਼ਿਲ੍ਹੇ ਦੇ ਖਾਜੂਵਾਲਾ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਮਹਿਜ਼ 2.5 ਕਿਲੋਮੀਟਰ ਦੂਰ ਪਿੰਡ ਚੱਕ 24 ਕੇ ਐੱਨ ਡੀ ਦੇ ਇੱਕ ਸਰ੍ਹੋਂ ਦੇ ਖੇਤ ਵਿੱਚ ਵੀਰਵਾਰ ਨੂੰ ਪਾਕਿਸਤਾਨ ਤੋਂ ਭੇਜਿਆ ਇੱਕ ਡਰੋਨ ਪਿਆ ਮਿਲਿਆ। ਡਰੋਨ ਨਾਲ ਅੱਠ ਪੈਕਟ ਬੰਨ੍ਹੇ ਹੋਏ ਸਨ,ਜਿਨ੍ਹਾਂ ਵਿੱਚ ਚੀਨ ਦੇ ਬਣੇ ਪੰਜ 9mm ਪਿਸਤੌਲ ਅਤੇ 325 ਜਿੰਦਾ ਕਾਰਤੂਸ ਸਨ। 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਖੇਤ ਵਿੱਚ ਕੰਮ ਕਰਨ ਗਏ ਇੱਕ ਕਿਸਾਨ ਨੇ ਡਰੋਨ ਅਤੇ ਉਸ ਨਾਲ ਲਟਕਦੇ ਸ਼ੱਕੀ ਪੈਕਟ ਦੇਖੇ। ਉਸ ਨੇ ਤੁਰੰਤ ਨਜ਼ਦੀਕੀ ਸੀਮਾ ਸੁਰੱਖਿਆ ਬਲ (BSF) ਦੀ ਹਿਮਗਿਰੀ ਪੋਸਟ ਨੂੰ ਸੂਚਿਤ ਕੀਤਾ। ਬੀ ਐੱਸ ਐੱਫ ਦੇ ਜਵਾਨ ਤੁਰੰਤ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ। ਪੈਕਟ ਖੋਲ੍ਹਣ ‘ਤੇ ਚੀਨ ਦੇ ਬਣੇ ਪੰਜ 9mm ਪਿਸਤੌਲ ਅਤੇ 325 ਜਿੰਦਾ ਕਾਰਤੂਸ ਬਰਾਮਦ ਹੋਏ।  ਖਾਜੂਵਾਲਾ ਦੇ ਵਧੀਕ ਪੁਲੀਸ ਸੁਪਰਡੈਂਟ ਅਮਰਜੀਤ ਚਾਵਲਾ ਨੇ ਦੱਸਿਆ ਕਿ ਪੈਕਟਾਂ ਦੀ ਪੈਕਿੰਗ ਬਿਲਕੁਲ ਉਸੇ ਤਰ੍ਹਾਂ ਦੀ ਸੀ ਜੋ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹੈਰੋਇਨ ਸੁੱਟਣ ਲਈ ਵਰਤੀ ਜਾਂਦੀ ਹੈ। ਅਜਿਹਾ ਲੱਗਦਾ ਹੈ ਕਿ ਇਹ ਡਰੋਨ ਦੇਰ ਰਾਤ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਹਥਿਆਰ ਸੁੱਟਣ ਦੇ ਮਿਸ਼ਨ ‘ਤੇ ਭੇਜਿਆ ਗਿਆ ਸੀ। ਸੰਭਾਵਨਾ ਹੈ ਕਿ ਨੈੱਟਵਰਕ ਕੁਨੈਕਸ਼ਨ ਫੇਲ ਹੋਣ ਜਾਂ ਕਿਸੇ ਤਕਨੀਕੀ ਨੁਕਸ ਕਾਰਨ ਡਰੋਨ ਹੈਂਡਲਰ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਖੇਤ ਵਿੱਚ ਕ੍ਰੈਸ਼ ਹੋ ਗਿਆ।

ਹਨੇਰੇ ਕਾਰਨ ਕਿਸੇ ਦਾ ਧਿਆਨ ਇਸ ਘਟਨਾ ਵੱਲ ਨਹੀਂ ਗਿਆ। ਡਰੋਨ ਅਤੇ ਪੈਕਟ ਮਿਲਣ ਤੋਂ ਤੁਰੰਤ ਬਾਅਦ ਪੁਲੀਸ,ਬੀ ਐੱਸ ਐੱਫ ਅਤੇ ਹੋਰ ਖੁਫੀਆ ਏਜੰਸੀਆਂ ਦੀਆਂ ਸਾਂਝੀਆਂ ਟੀਮਾਂ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ,ਜੋ ਸ਼ਾਮ ਤੱਕ ਜਾਰੀ ਰਹੀ। ਤਲਾਸ਼ੀ ਦੌਰਾਨ ਕੋਈ ਹੋਰ ਸ਼ੱਕੀ ਵਸਤੂ ਜਾਂ ਪੈਕਟ ਨਹੀਂ ਮਿਲਿਆ। 

ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਦਿਆਂ ਖੇਪ ਨੂੰ ਜ਼ਬਤ ਕਰ ਲਿਆ ਗਿਆ ਹੈ। ਡਰੋਨ ਨੂੰ ਬੀ ਐੱਸ ਐੱਫ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਵਿੱਚ ਜਾਂਚ ਲਈ ਭੇਜ ਦਿੱਤਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਪਾਕਿਸਤਾਨ ਤੋਂ ਕਿੰਨੀ ਦੂਰ ਅਤੇ ਕਿੰਨੀ ਉਚਾਈ ਤੋਂ ਉੱਡ ਕੇ ਆਇਆ ਸੀ। 

ਜ਼ਿਕਰਯੋਗ ਹੈ ਕਿ ਤਸਕਰ ਲੰਬੇ ਸਮੇਂ ਤੋਂ ਬੀਕਾਨੇਰ ਅਤੇ ਸ੍ਰੀਗੰਗਾਨਗਰ ਜ਼ਿਲ੍ਹਿਆਂ ਨਾਲ ਲੱਗਦੀ ਕੋਮਾਂਤਰੀ ਸਰਹੱਦ ‘ਤੇ ਡਰੋਨਾਂ ਰਾਹੀਂ ਹੈਰੋਇਨ ਦੀ ਤਸਕਰੀ ਕਰਦੇ ਆ ਰਹੇ ਹਨ। ਹਾਲਾਂਕਿ ਹਥਿਆਰਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਲੰਬੇ ਸਮੇਂ ਬਾਅਦ ਇਹ ਪਹਿਲਾ ਵੱਡਾ ਮਾਮਲਾ ਹੈ ਜਿਸ ਵਿੱਚ ਡਰੋਨ ਦੇ ਨਾਲ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।

Share: