ਸੁਪਰੀਮ ਕੋਰਟ ਵੱਲੋਂ ਐੱਨ ਸੀ ਈ ਆਰ ਟੀ ਪੁਸਤਕ ’ਤੇ ਪਾਬੰਦੀ

ਸੁਪਰੀਮ ਕੋਰਟ ਵੱਲੋਂ ਐੱਨ ਸੀ ਈ ਆਰ ਟੀ ਪੁਸਤਕ ’ਤੇ ਪਾਬੰਦੀ

ਨਵੀਂ ਦਿੱਲੀ/ਜਮਸ਼ੇਦਪੁਰ: ਸੁਪਰੀਮ ਕੋਰਟ ਨੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ ਸੀ ਈ ਆਰ ਟੀ) ਦੀ ਅੱਠਵੀਂ ਜਮਾਤ ਦੀ ਸਮਾਜ ਵਿਗਿਆਨ ਦੀ ਪੁਸਤਕ ’ਤੇ ‘ਮੁਕੰਮਲ ਰੋਕ’ ਲਗਾ ਦਿੱਤੀ ਹੈ। ਕੋਰਟ ਨੇ ਕਿਹਾ ਕਿ ਇਸ ਪੁਸਤਕ ਦੇ ਪ੍ਰਕਾਸ਼ਨ, ਰੀਪ੍ਰ੍ਰਿੰਟ ਤੇ ਡਿਜੀਟਲ ਪ੍ਰਸਾਰ ’ਤੇ ਰੋਕ ਰਹੇਗੀ। ਕੋਰਟ ਨੇ ਕਿਤਾਬ ਵਿੱਚ ਨਿਆਂਇਕ ਭ੍ਰਿਸ਼ਟਾਚਾਰ ਬਾਰੇ ਅਧਿਆਏ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਗੋਲੀ ਚੱਲੀ ਹੈ ਤੇ ਸੰਸਥਾ ਲਹੂ-ਲੁਹਾਣ ਹੈ। ਕੋਰਟ ਨੇ ਇਸ ਨੂੰ ‘ਡੂੰਘੀ’ ਤੇ ‘ਗਿਣੀਮਿੱਥੀ’ ਸਾਜ਼ਿਸ਼ ਕਰਾਰ ਦਿੱਤਾ। ਬੈਂਚ ਵੱਲੋਂ ਇਸ ਮਾਮਲੇ ਵਿੱਚ ਅਗਲੇਰੀ ਸੁਣਵਾਈ 11 ਮਾਰਚ ਨੂੰ ਕੀਤੀ ਜਾਵੇਗੀ।

ਉਧਰ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੁਸਤਕ ਵਿੱਚ ਵਿਵਾਦਿਤ ਅਧਿਆਏ ਸ਼ਾਮਲ ਕੀਤੇ ਜਾਣ ’ਤੇ ਦੁੱਖ ਜਤਾਉਂਦਿਆਂ ਜਵਾਬਦੇਹੀ ਨਿਰਧਾਰਿਤ ਕਰਨ ਤੇ ਸਬੰਧਤਾਂ ਖਿਲਾਫ਼ ਕਾਰਵਾਈ ਦਾ ਵਾਅਦਾ ਕੀਤਾ ਹੈ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਇਹ ਨਿਆਂਪਾਲਿਕਾ ਦੇ ਗੌਰਵ ਨੂੰ ਸੱਟ ਮਾਰਨ ਤੇ ਇਸ ਨੂੰ ਕਮਜ਼ੋਰ ਕਰਨ ਦੀ ਯੋਜਨਾਬੱਧ ਸਾਜ਼ਿਸ਼ ਲੱਗਦੀ ਹੈ। ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਕਿ ਪੁਸਤਕ ਦੀਆਂ ਸਾਰੀਆਂ ਕਾਪੀਆਂ- ਫਿਜ਼ੀਕਲ ਤੇ ਡਿਜੀਟਲ, ਨੂੰ ਬਿਨਾਂ ਕਿਸੇ ਦੇਰੀ ਦੇ ਕਬਜ਼ੇ ਵਿੱਚ ਲਿਆ ਜਾਵੇ ਤੇ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾਵੇ। ਬੈਂਚ ਨੇ ਐੱਨ ਸੀ ਈ ਆਰ ਟੀ ਦੇ ਡਾਇਰੈਕਟਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਦਿਆਂ ਸਵਾਲ ਕੀਤਾ ਕਿ ਵਿਵਾਦਿਤ ਅਧਿਆਏ ਸ਼ਾਮਲ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ। ਬੈਂਚ, ਜਿਸ ਵਿੱਚ ਜਸਟਿਸ ਜੌਇਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ ਪੰਚੋਲੀ ਵੀ ਸ਼ਾਮਲ ਸਨ, ਨੇ ਕਿਹਾ ਕਿ ‘ਐਕਸਪਲੋਰਿੰਗ ਸੁਸਾਇਟੀ: ਇੰਡੀਆ ਐਂਡ ਬਿਓਂਡ’ (ਵੋਲਿਊਮ II) ਸਿਰਲੇਖ ਵਾਲੀ ਪੁਸਤਕ ਦੇ ਪ੍ਰਕਾਸ਼ਨ, ਮੁੜ ਪ੍ਰਕਾਸ਼ਨ ਜਾਂ ਡਿਜੀਟਲ ਪ੍ਰਸਾਰ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਚੇਤੇ ਰਹੇ ਕਿ ਸੁਪਰੀਮ ਕੋਰਟ ਦੀਆਂ ਤਲਖ਼ ਟਿੱਪਣੀਆਂ ਮਗਰੋਂ ਐੱਨ ਸੀ ਈ ਆਰ ਟੀ ਨੇ ਲੰਘੇ ਦਿਨ ਹੀ ਆਪਣੀ ਵੈੱਬਸਾਈਟ ਤੋਂ ਪੁਸਤਕ ਹਟਾ ਲਈ ਸੀ। ਸਿਖਰਲੀ ਅਦਾਲਤ ਨੇ ਚਿਤਾਵਨੀ ਦਿੱਤੀ ਕਿ ਇਲੈਕਟ੍ਰੌਨਿਕ ਮਾਧਿਅਮ ਜਾਂ ਸਮਾਨ ਵਿਸ਼ਾ-ਵਸਤੂ ਵਾਲੇ ਬਦਲਵੇਂ ਸਿਰਲੇਖਾਂ ਰਾਹੀਂ ਉਪਰੋਕਤ ਹੁਕਮਾਂ ਦੀ ਅਵੱਗਿਆ ਦੀ ਕਿਸੇ ਵੀ ਕੋਸ਼ਿਸ਼ ਨੂੰ ਸਿੱਧੀ ਦਖਲਅੰਦਾਜ਼ੀ, ਜਾਣਬੁੱਝ ਕੇ ਉਲੰਘਣਾ ਅਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਸੀ ਜੇ ਆਈ ਨੇ ਕਿਹਾ, ‘‘ਸੰਸਥਾ ਦਾ ਮੁਖੀ ਹੋਣ ਦੇ ਨਾਤੇ ਮੇਰਾ ਫ਼ਰਜ਼ ਬਣਦਾ ਹੈ ਕਿ ਪਤਾ ਕਰਾਂ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ; ਸਜ਼ਾ ਮਿਲਣੀ ਚਾਹੀਦੀ ਹੈ।’’ ਬੈਂਚ ਨੇ ਐੱਨ ਸੀ ਈ ਆਰ ਟੀ ਦੇ ਡਾਇਰੈਕਟਰ ਨੂੰ ਹਦਾਇਤ ਦਿੱਤੀ ਹੈ ਕਿ ਉਹ ਉਨ੍ਹਾਂ ਮੀਟਿੰਗਾਂ ਦੇ ਮਿਨਟਸ ਦੇ ਅਸਲ ਰਿਕਾਰਡ ਪੇਸ਼ ਕਰਨ, ਜਿੱਥੇ ਵਿਵਾਦਿਤ ਅਧਿਆਏ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਬੈਂਚ ਨੇ ਅਧਿਆਏ ਦਾ ਖਰੜਾ ਤਿਆਰ ਕਰਨ ਵਾਲੀ ਟੀਮ ਦੇ ਨਾਮ ਤੇ ਦਸਤਾਵੇਜ਼ ਵੀ ਮੰਗੇ।

ਨਿਆਂਪਾਲਿਕਾ ਦਾ ਸਤਿਕਾਰ ਕਰਦੇ ਹਾਂ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਐੱਨ ਸੀ ਈ ਆਰ ਟੀ ਦੀ ਪਾਠ ਪੁਸਤਕ ਵਿੱਚ ਨਿਆਂਇਕ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਵਿਵਾਦਿਤ ਅਧਿਆਏ ਨੂੰ ‘ਸੰਵੇਦਨਸ਼ੀਲ ਮਸਲਾ’ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਉਹ ਦੇਸ਼ ਦੀ ਨਿਆਂਪਾਲਿਕਾ ਦਾ ਸਤਿਕਾਰ ਕਰਦੀ ਹੈ ਤੇ ਇਸ ਦੇ ਨਿਰਪੱਖ ਕੰਮਕਾਜ ’ਤੇ ਮਾਣ ਹੈ।

ਸੁਪਰੀਮ ਕੋਰਟ ਦਾ ਗੁੱਸਾ ਬਿਲਕੁਲ ਜਾਇਜ਼: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਐੱਨ ਸੀ ਈ ਆਰ ਟੀ ਦੀਆਂ ਪਾਠ-ਪੁਸਤਕਾਂ ਵਿੱਚ ਵਿਵਾਦਿਤ ਅਧਿਆਏ ਨੂੰ ਲੈ ਕੇ ਸੁਪਰੀਮ ਕੋਰਟ ਦਾ ਗੁੱਸਾ ਬਿਲਕੁਲ ਵਾਜਬ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਪਿਛਲੇ ਦਹਾਕੇ ਦੌਰਾਨ ਅਜਿਹੀਆਂ ਪੁਸਤਕਾਂ ਨੂੰ ਮੁੜ ਲਿਖਣਾ ਆਰ ਐੱਸ ਐੱਸ ਵੱਲੋਂ ਸੰਚਾਲਿਤ ਮਸ਼ਕ ਰਹੀ ਹੈ, ਜੋ ‘ਸ਼ਰਾਰਤ ਤੇ ਬਦਨੀਤੀ’ ਨਾਲ ਭਰੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘‘ਅਸਲ ਵਿੱਚ ਪਿਛਲੇ ਦਹਾਕੇ ਦੌਰਾਨ ਐੱਨ ਸੀ ਈ ਆਰ ਟੀ ਦੀਆਂ ਪਾਠ ਪੁਸਤਕਾਂ ਨੂੰ ਜਿਸ ਤਰੀਕੇ ਨਾਲ ਦੁਬਾਰਾ ਲਿਖਿਆ ਗਿਆ ਹੈ, ਉਹ ਸ਼ਰਮਨਾਕ ਹੋਣ ਦੇ ਨਾਲ-ਨਾਲ ਖ਼ਤਰਨਾਕ ਵੀ ਹੈ। ਇਹ ਸ਼ਰਾਰਤ ਅਤੇ ਬਦਨੀਤੀ ਨਾਲ ਭਰੀ ਆਰ ਐੱਸ ਐੱਸ ਵੱਲੋਂ ਸੰਚਾਲਿਤ ਮਸ਼ਕ ਰਹੀ ਹੈ। ਇਹ ਉਹ ਰੈਕੇਟ ਹੈ, ਜਿਸ ਦੀ ਜਾਂਚ ਕਰਨ ਦੀ ਲੋੜ ਹੈ।’’

Share: