ਜਨੇਵਾ: ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ ਐੱਨ ਐੱਚ ਆਰ ਸੀ) ਦੇ 61ਵੇਂ ਇਜਲਾਸ ਦੌਰਾਨ ਭਾਰਤ ਨੇ ਪਾਕਿਸਤਾਨ ’ਤੇ ਝੂਠਾ ਪ੍ਰਾਪੇਗੰਡਾ ਫੈਲਾਉਣ ਦਾ ਦੋਸ਼ ਲਾਇਆ ਹੈ। ਭਾਰਤੀ ਨੁਮਾਇੰਦੇ ਅਨੁਪਮਾ ਸਿੰਘ ਨੇ ਪਾਕਿਸਤਾਨ ਅਤੇ ਇਸਲਾਮਿਕ ਸਹਿਯੋਗ ਸੰਗਠਨ (ਓ ਆਈ ਸੀ) ਵੱਲੋਂ ਲਾਏ ਗਏ ਦੋਸ਼ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਰਹੇਗਾ। 23 ਫਰਵਰੀ ਤੋਂ ਸ਼ੁਰੂ ਹੋਇਆ ਇਹ ਇਜਲਾਸ 31 ਮਾਰਚ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਸਿਰਫ਼ ਇੱਕ ਹੀ ਮਸਲਾ ਬਾਕੀ ਹੈ ਅਤੇ ਉਹ ਹੈ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲਾ ਭਾਰਤੀ ਇਲਾਕਾ ਖਾਲੀ ਕਰਨਾ। ਕਸ਼ਮੀਰ ਵਿੱਚ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਚਨਾਬ ਰੇਲਵੇ ਪੁਲ ਦੀ ਮਿਸਾਲ ਦਿੱਤੀ ਅਤੇ ਕਿਹਾ ਕਿ ਜੇ ਦੁਨੀਆ ਦਾ ਸਭ ਤੋਂ ਉੱਚਾ ਪੁਲ ਪਾਕਿਸਤਾਨ ਨੂੰ ਨਕਲੀ ਲੱਗਦਾ ਹੈ ਤਾਂ ਉਹ ‘ਖਿਆਲੀ ਦੁਨੀਆ’ ਵਿੱਚ ਰਹਿ ਰਿਹਾ ਹੈ। ਉਨ੍ਹਾਂ ਤਨਜ਼ ਕੱਸਿਆ ਕਿ ਜੰਮੂ ਕਸ਼ਮੀਰ ਦਾ ਵਿਕਾਸ ਬਜਟ ਪਾਕਿਸਤਾਨ ਵੱਲੋਂ ਕੌਮਾਂਤਰੀ ਮੁਦਰਾ ਫੰਡ (ਆਈ ਐੱਮ ਐੱਫ) ਤੋਂ ਮੰਗੇ ਗਏ ਬੇਲਆਊਟ ਪੈਕੇਜ ਨਾਲੋਂ ਦੁੱਗਣਾ ਹੈ। ਪਾਕਿਸਤਾਨ ਵਿੱਚ ਲੋਕਤੰਤਰ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਅਜਿਹੇ ਮੁਲਕ ਤੋਂ ਲੋਕਤੰਤਰ ਦਾ ਪਾਠ ਪੜ੍ਹਨਾ ਮੁਸ਼ਕਲ ਹੈ ਜਿੱਥੇ ਚੁਣੀਆਂ ਹੋਈਆਂ ਸਰਕਾਰਾਂ ਕਦੇ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀਆਂ। ਕਸ਼ਮੀਰ ਦੇ ਲੋਕਾਂ ਨੇ ਚੋਣਾਂ ਵਿੱਚ ਭਾਰੀ ਵੋਟਾਂ ਪਾ ਕੇ ਅਤਿਵਾਦ ਨੂੰ ਨਕਾਰ ਕੇ ਵਿਕਾਸ ਦਾ ਰਾਹ ਚੁਣਿਆ ਹੈ। ਭਾਰਤ ਨੇ ਪਾਕਿਸਤਾਨ ਨੂੰ ਕੌਮਾਂਤਰੀ ਮੰਚਾਂ ’ਤੇ ਡਰਾਮੇਬਾਜ਼ੀ ਕਰਨ ਦੀ ਬਜਾਏ ਆਪਣੇ ਡੂੰਘਾ ਹੋ ਰਿਹਾ ਅੰਦਰੂਨੀ ਸੰਕਟ ਹੱਲ ਕਰਨ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ।
Posted inWorld
ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ: ਭਾਰਤ

