ਐੱਸ ਏ ਐੱਸ ਨਗਰ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁਹਾਲੀ ਦੇ ਫੇਜ਼ ਅੱਠ ਵਿਖੇ ਪੰਜਾਬ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਬਣਾਏ ਹੈਲੀਪੈਡ ਨੇੜਿਉਂ ਲਾਈਵ ਹੋ ਕੇ ਇਸ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਹੈਲੀਪੈਡ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਬਣਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਲਈ ਮੁਹਾਲੀ ਦੇ ਵਿਕਾਸ ਭਵਨ ਵਿਖੇ ਰਿਹਾਇਸ਼ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਉਸ ਦਾ ਗੇਟ ਵੀ ਪਿਛਲੇ ਪਾਸੇ ਨੂੰ ਕੱਢਿਆ ਗਿਆ ਹੈ। ਇਸ ਹੈਲੀਪੈਡ ਤੱਕ ਪਹੁੰਚਣ ਲਈ ਸੜਕ ਦਾ ਡਿਵਾਈਡਰ ਵੀ ਗੈਰਕਾਨੂੰਨੀ ਢੰਗ ਨਾਲ ਤੁੜਵਾਇਆ ਗਿਆ ਹੈ। ਹੈਲੀਕਾਪਟਰ ਸਿਰਫ਼ ਮੁੱਖ ਮੰਤਰੀ ਵਰਤ ਸਕਦਾ ਹੈ ਤੇ ਉਨ੍ਹਾਂ ਦੇ ਰਿਹਾਇਸ਼ ਦੇ ਨੇੜੇ ਚੰਡੀਗੜ੍ਹ ਵਿਖੇ ਹੈਲੀਪੈਡ ਮੌਜੂਦ ਹੈ ਤਾਂ ਫ਼ਿਰ ਇੱਥੇ ਹੈਲੀਪੈਡ ਬਣਾਉਣ ਲਈ ਕਿਉਂ ਪੈਸੇ ਦੀ ਦੁਰਵਰਤੋਂ ਕੀਤੀ ਗਈ।
ਖਹਿਰਾ ਦੇ ਘਰ ਦੀ ਕੰਧ ਢਾਹੁਣ ਦਾ ਮਾਮਲਾ ਰਾਜਪਾਲ ਕੋਲ ਪੁੱਜਾ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਪਿੰਡ ਰਾਮਗੜ੍ਹ ਸਥਿਤ ਘਰ ਦੀ ਕੰਧ ਢਾਹੁਣ ਖ਼ਿਲਾਫ਼ ਅੱਜ ਪੰਜਾਬ ਕਾਂਗਰਸ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਬਦਲਾਖੋਰੀ ਦੀ ਨੀਤੀ ਤੋਂ ਪ੍ਰੇਰਿਤ ਹੈ। ਇਸ ਮੌਕੇ ਵਿਧਾਇਕ ਸੁਖਪਾਲ ਖਹਿਰਾ ਵੀ ਮੌਜੂਦ ਸਨ।

