ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਵਿੱਚ ਇਤਿਹਾਸਕ ਸ਼ੁਰੂਆਤ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਇਟਲੀ ਕ੍ਰਿਕਟ ਵਿੱਚ ਉਸ ਵੇਲੇ ਹਲਚਲ ਪੈਦਾ ਹੋ ਗਈ , ਜਦੋਂ ਮਹਿਲਾ ਟੀਮ ਦੀ ਇੱਕ ਖਿਡਾਰਨ ਨੇ ਮਹਿਲਾ ਕ੍ਰਿਕਟ ਕੋਆਰਡੀਨੇਟਰ ਪ੍ਰਭਾਤ ਏਕਨੇਲੀਗੋਡਾ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਾਏ। ਇਟਾਲੀਅਨ ਕ੍ਰਿਕਟ ਫੈਡਰੇਸ਼ਨ (FCRI) ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਅਧਿਕਾਰੀ ਨੂੰ ਉਸ ਦੇ ਸਾਰੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਫੈਡਰਲ ਪ੍ਰੋਸੀਕਿਊਟਰ (ਸੰਘੀ ਸਰਕਾਰੀ ਵਕੀਲ) ਨੂੰ ਸੌਂਪ ਦਿੱਤੀ ਗਈ ਹੈ।
ਫੈਡਰੇਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ, ਖਿਡਾਰੀਆਂ ਦੀ ਸੁਰੱਖਿਆ ਅਤੇ ਖੇਡ ਮਾਹੌਲ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ। ਬੋਰਡ ਨੇ ਕਿਹਾ ਕਿ ਇਹ ਫੈਸਲਾ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ’ਤੇ ਰੋਕ ਲਾਈ ਜਾ ਸਕੇ। ਦੂਜੇ ਪਾਸੇ, ਏਕਨੇਲੀਗੋਡਾ ਦੇ ਵਕੀਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ‘ਗਲਤ ਇਰਾਦਿਆਂ’ ਨਾਲ ਪ੍ਰੇਰਿਤ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪ੍ਰਭਾਤ ਏਕਨੇਲੀਗੋਡਾ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਏ ਵਿਸ਼ਵ ਕੱਪ ਦੌਰਾਨ ਟੀਮ ਦੇ ਨਾਲ ਮੌਜੂਦ ਸੀ, ਹਾਲਾਂਕਿ ਬੋਰਡ ਅਨੁਸਾਰ ਉਸ ਕੋਲ ਕੋਈ ਅਧਿਕਾਰਤ ਡਿਊਟੀ ਨਹੀਂ ਸੀ। ਫੈਡਰੇਸ਼ਨ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

