ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸੰਜੈ ਮਲਹੋਤਰਾ ਨੇ ਅੱਜ ਦੱਸਿਆ ਕਿ ਕੇਂਦਰੀ ਬੈਂਕ ਆਈਡੀਐਫਸੀ ਫਸਟ ਬੈਂਕ (IDFC First Bank) ਵਿੱਚ ਹੋਈ 590 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਰਬੀਆਈ ਦੇ ਕੇਂਦਰੀ ਨਿਰਦੇਸ਼ਕ ਮੰਡਲ ਨੂੰ ਸੰਬੋਧਨ ਕੀਤੇ ਜਾਣ ਤੋਂ ਬਾਅਦ ਗਵਰਨਰ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਇਹ ਕੋਈ ਪ੍ਰਣਾਲੀਗਤ (Systemic) ਸਮੱਸਿਆ ਨਹੀਂ ਹੈ, ਯਾਨੀ ਇਸ ਦਾ ਅਸਰ ਪੂਰੇ ਬੈਂਕਿੰਗ ਢਾਂਚੇ ’ਤੇ ਨਹੀਂ ਪਵੇਗਾ। ਆਈਡੀਐਫਸੀ ਫਸਟ ਬੈਂਕ ਨੇ ਐਤਵਾਰ ਨੂੰ ਖੁਲਾਸਾ ਕੀਤਾ ਸੀ ਕਿ ਚੰਡੀਗੜ੍ਹ ਦੀ ਇੱਕ ਖਾਸ ਬ੍ਰਾਂਚ ਵਿੱਚ ਕੁਝ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਮਿਲ ਕੇ ਹਰਿਆਣਾ ਸਰਕਾਰ ਦੇ ਖਾਤਿਆਂ ਵਿੱਚ 590 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਇਹ ਮਾਮਲਾ ਹਰਿਆਣਾ ਸਰਕਾਰ ਨਾਲ ਸਬੰਧਤ ਖਾਤਿਆਂ ਦੇ ਇੱਕ ਖਾਸ ਸਮੂਹ ਤੱਕ ਹੀ ਸੀਮਤ ਹੈ ਅਤੇ ਚੰਡੀਗੜ੍ਹ ਬ੍ਰਾਂਚ ਦੇ ਹੋਰ ਗਾਹਕਾਂ ਦੇ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਗਵਰਨਰ ਸੰਜੈ ਮਲਹੋਤਰਾ ਨੇ ਕਿਹਾ, ‘ਅਸੀਂ ਇਸ ਪੂਰੀ ਘਟਨਾ ’ਤੇ ਨਜ਼ਰ ਰੱਖ ਰਹੇ ਹਾਂ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।’ ਬੈਂਕ ਪ੍ਰਸ਼ਾਸਨ ਨੇ ਵੀ ਇਹ ਗੱਲ ਦੁਹਰਾਈ ਹੈ ਕਿ ਇਹ ਗੜਬੜੀ ਸਿਰਫ ਹਰਿਆਣਾ ਸਰਕਾਰ ਦੇ ਲਿੰਕਡ ਖਾਤਿਆਂ ਵਿੱਚ ਹੋਈ ਹੈ। ਪੁਲੀਸ ਅਤੇ ਜਾਂਚ ਏਜੰਸੀਆਂ ਹੁਣ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਧੋਖਾਧੜੀ ਕਿਵੇਂ ਕੀਤੀ ਗਈ ਅਤੇ ਇਸ ਵਿੱਚ ਕਿਹੜੇ-ਕਿਹੜੇ ਕਰਮਚਾਰੀ ਸ਼ਾਮਲ ਸਨ।
Posted inNew Delhi
IDFC First Bank ਧੋਖਾਧੜੀ ਮਾਮਲੇ ’ਤੇ ਨਜ਼ਰ ਰੱਖ ਰਹੇ ਹਾਂ: RBI Governor

