ਸਿਓਲ: ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੂੰ ਸੱਤਾਧਾਰੀ ਵਰਕਰਜ਼ ਪਾਰਟੀ ਦੇ ਸਿਖਰਲੇ ਅਹੁਦੇ ਜਨਰਲ ਸਕੱਤਰ ਲਈ ਮੁੜ ਚੁਣਿਆ ਗਿਆ ਹੈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਡੈਲੀਗੇਟਾਂ ਨੇ ਦੇਸ਼ ਦੇ ਪਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਪ੍ਰਭਾਵ ਵਧਾਉਣ ਦਾ ਸਿਹਰਾ ਕਿਮ ਨੂੰ ਦਿੱਤਾ ਹੈ।
ਬੀਤੇ ਵੀਰਵਾਰ ਤੋਂ ਸ਼ੁਰੂ ਹੋਈ ਪਾਰਟੀ ਕਾਂਗਰਸ ਵਿੱਚ ਕਿਮ ਅਗਲੇ ਪੰਜ ਸਾਲਾਂ ਲਈ ਆਪਣੇ ਮੁੱਖ ਸਿਆਸੀ ਅਤੇ ਫੌਜੀ ਟੀਚਿਆਂ ਦੀ ਰੂਪ-ਰੇਖਾ ਪੇਸ਼ ਕਰ ਸਕਦੇ ਹਨ। ਸੰਕੇਤ ਮਿਲ ਰਹੇ ਹਨ ਕਿ ਉਹ ਪਰਮਾਣੂ ਪ੍ਰੋਗਰਾਮ ਨੂੰ ਹੋਰ ਤੇਜ਼ ਕਰਨ ’ਤੇ ਜ਼ੋਰ ਦੇਣਗੇ। ਉੱਤਰੀ ਕੋਰੀਆ ਕੋਲ ਪਹਿਲਾਂ ਹੀ ਅਜਿਹੀਆਂ ਮਿਜ਼ਾਈਲਾਂ ਮੌਜੂਦ ਹਨ, ਜੋ ਏਸ਼ੀਆ ਵਿੱਚ ਅਮਰੀਕੀ ਸਹਿਯੋਗੀਆਂ ਅਤੇ ਅਮਰੀਕਾ ਦੀ ਮੁੱਖ ਜ਼ਮੀਨ ਤੱਕ ਮਾਰ ਕਰ ਸਕਦੀਆਂ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਿਮ ਰਵਾਇਤੀ ਫੌਜੀ ਬਲਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਪਰਮਾਣੂ ਸਮਰੱਥਾਵਾਂ ਨਾਲ ਲੈਸ ਕਰਨ ਦੇ ਨਵੇਂ ਟੀਚਿਆਂ ਦਾ ਐਲਾਨ ਕਰ ਸਕਦੇ ਹਨ। ਨਾਲ ਹੀ ਉਹ ਚੀਨ ਨਾਲ ਵਪਾਰ ਵਿੱਚ ਸੁਧਾਰ ਅਤੇ ਰੂਸ ਨੂੰ ਹਥਿਆਰਾਂ ਦੀ ਬਰਾਮਦ ਤੋਂ ਮਿਲੀ ਆਰਥਿਕ ਮਜ਼ਬੂਤੀ ਦਰਮਿਆਨ ਆਤਮ-ਨਿਰਭਰਤਾ ਮੁਹਿੰਮ ’ਤੇ ਵੀ ਮੁੜ ਜ਼ੋਰ ਦੇ ਸਕਦੇ ਹਨ।
ਉੱਤਰੀ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ ਸੀ ਐੱਨ ਏ) ਨੇ ਦੱਸਿਆ ਕਿ ਹਜ਼ਾਰਾਂ ਡੈਲੀਗੇਟਾਂ ਦੀ ਸਰਬਸੰਮਤੀ ਨਾਲ ਕਿਮ ਨੂੰ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ। ਸਾਲ 2016 ਤੋਂ ਹਰ ਪੰਜ ਸਾਲ ਬਾਅਦ ਹੋਣ ਵਾਲੀ ਇਸ ਕਾਂਗਰਸ ਵਿੱਚ ਸਿਖਰਲੇ ਨੇਤਾ ਦੀ ਚੋਣ ਕੀਤੀ ਜਾਂਦੀ ਹੈ।
ਮਾਹਿਰਾਂ ਦਾ ਅਨੁਮਾਨ ਹੈ ਕਿ ਕਿਮ ਦਾ ਦੱਖਣੀ ਕੋਰੀਆ ਪ੍ਰਤੀ ਰੁਖ਼ ਸਖ਼ਤ ਰਹਿ ਸਕਦਾ ਹੈ।

