ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਏ ਆਈ ਪ੍ਰਭਾਵ ਸੰਮੇਲਨ ਵਾਲੀ ਜਗ੍ਹਾ ’ਤੇ ਪ੍ਰਦਰਸ਼ਨ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਯੂਥ ਕਾਂਗਰਸ ਦੇ ਵਰਕਰਾਂ ਦਾ ਵਿਵਹਾਰ ਕੋਈ ਜਾਇਜ਼ ਅਸਹਿਮਤੀ ਨਹੀਂ ਸੀ, ਸਗੋਂ ਇਹ ਜਨਤਕ ਵਿਵਸਥਾ ’ਤੇ ਵੱਡਾ ਹਮਲਾ ਸੀ, ਜਿਸ ਨੇ ਦੇਸ਼ ਦੇ ਕੂਟਨੀਤਕ ਅਕਸ ਨੂੰ ਵੀ ਸੱਟ ਮਾਰੀ ਹੈ। ਜੁਡੀਸ਼ਲ ਮੈਜਿਸਟਰੇਟ ਰਵੀ ਨੇ ਸ਼ਨਿਚਰਵਾਰ ਨੂੰ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਭਾਰਤ ਮੰਡਪਮ ਵਿੱਚ ਬਿਨਾਂ ਕਮੀਜ਼ ਪ੍ਰਦਰਸ਼ਨ ਲਈ ਫੜੇ ਗਏ ਯੂਥ ਕਾਂਗਰਸ ਦੇ ਚਾਰ ਵਰਕਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਾਰੋਂ ਯੂਥ ਕਾਂਗਰਸ ਵਰਕਰਾਂ ਨੂੰ ਪੰਜ ਦਿਨਾਂ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦਿੱਲੀ ਪੁਲੀਸ ਦੀ ਰਿਮਾਂਡ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਮੈਜਿਸਟਰੇਟ ਨੇ ਕਿਹਾ ਕਿ ਮੁਲਜ਼ਮ ਬਿਹਾਰ, ਉੱਤਰ ਪ੍ਰਦੇਸ਼ ਅਤੇ ਤਿਲੰਗਾਨਾ ਦੇ ਦੂਰ-ਦੁਰਾਡੇ ਦੇ ਇਲਾਕਿਆਂ ਨਾਲ ਸਬੰਧਤ ਹਨ, ਜਿਸ ਕਾਰਨ ਉਨ੍ਹਾਂ ਦੇ ਫ਼ਰਾਰ ਹੋਣ ਦਾ ਖਤਰਾ ਜ਼ਿਆਦਾ ਹੈ। ਅਦਾਲਤ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਨਤੀਜੇ ਬਾਹਰੀ ਸਾਜ਼ਿਸ਼ ਦੇ ਸਬੰਧਾਂ ਵੱਲ ਇਸ਼ਾਰਾ ਕਰਦੇ ਹਨ, ਜਿਸ ਕਾਰਨ ਮਾਮਲਾ ਹੋਰ ਗੰਭੀਰ ਹੋ ਜਾਂਦਾ ਹੈ। ਅਦਾਲਤ ਦੇ ਹੁਕਮ ਅਨੁਸਾਰ, ਇਸ ਪ੍ਰਦਰਸ਼ਨ ਨੇ ਨਾ ਸਿਰਫ ਸਮਾਗਮ ਦੀ ਪਵਿੱਤਰਤਾ ਨੂੰ ਖਤਰੇ ਵਿੱਚ ਪਾਇਆ, ਸਗੋਂ ਦੇਸ਼ ਦੇ ਕੂਟਨੀਤਕ ਅਕਸ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਹੁਕਮ ਵਿੱਚ ਕਿਹਾ ਗਿਆ ਹੈ, ‘‘ਮੁਲਜ਼ਮਾਂ ’ਤੇ ਏ ਆਈ ਸੰਮੇਲਨ 2026 ਦੌਰਾਨ ਭਾਰਤ ਮੰਡਪਮ ਦੇ ਉੱਚ-ਸੁਰੱਖਿਆ ਵਾਲੇ ਖੇਤਰ ਵਿੱਚ ਯੋਜਨਾਬੱਧ ਢੰਗ ਨਾਲ ਘੁਸਪੈਠ ਕਰਨ ਦਾ ਦੋਸ਼ ਹੈ। ਇਹ ਇੱਕ ਪ੍ਰਮੁੱਖ ਕੌਮਾਂਤਰੀ ਸੰਮੇਲਨ ਸੀ ਜਿਸ ਵਿੱਚ ਵਿਸ਼ਵ ਭਰ ਦੇ ਪ੍ਰਤੀਨਿਧ ਤੇ ਮਸ਼ਹੂਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ ਸਨ।’’
Posted inNew Delhi