ਨਿਊਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਧਮਕੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਟਕਰਾਅ ਨਾ ਰੋਕਿਆ ਤਾਂ ਉਹ ਦੋਵਾਂ ‘ਤੇ 200 ਫੀਸਦੀ ਟੈਕਸ ਲਗਾ ਦੇਣਗੇ। ਉਨ੍ਹਾਂ ਨੇ ਇਸ ਦਾਅਵੇ ਨੂੰ ਮੁੜ ਦੁਹਰਾਇਆ ਕਿ ਉਨ੍ਹਾਂ ਨੇ ਦੋਵਾਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਦੇਸ਼ਾਂ ਵਿਚਾਲੇ ਜੰਗ ਰੋਕੀ ਸੀ।
ਵਾਸ਼ਿੰਗਟਨ ਵਿੱਚ ‘ਬੋਰਡ ਆਫ਼ ਪੀਸ’ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਇਹ ਦਾਅਵਾ ਦੁਹਰਾਇਆ ਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੇ ਅੰਦਰ ਅੱਠ ਜੰਗਾਂ ਨੂੰ ਰੋਕਿਆ ਹੈ। ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਰੰਪ ਦੀ ਅਗਵਾਈ ਵਾਲੀ ਸੰਸਥਾ ਵਿੱਚ ਸ਼ਾਮਲ ਹੋਣ ਵਾਲੇ ਹੋਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਉਨ੍ਹਾਂ ਸੰਘਰਸ਼ਾਂ ਦੀ ਸੂਚੀ ਦਿੱਤੀ ਜਿਨ੍ਹਾਂ ਨੂੰ ਖਤਮ ਕਰਨ ਵਿੱਚ ਉਨ੍ਹਾਂ ਨੇ ਮਦਦ ਕੀਤੀ ਅਤੇ ਦੇਸ਼ਾਂ ਦੇ ਨਾਮ ਲੈਂਦੇ ਹੋਏ ਉਨ੍ਹਾਂ ਦੇ ਨੇਤਾਵਾਂ ਨੂੰ ਖੜ੍ਹੇ ਹੋਣ ਲਈ ਕਿਹਾ। ਟਰੰਪ ਨੇ ਸ਼ਰੀਫ ਨੂੰ ਖੜ੍ਹੇ ਹੋਣ ਲਈ ਕਿਹਾ ਅਤੇ ਫਿਰ ਕਿਹਾ,“ਮੈਂ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕੀਤੀ ਹੈ। ਉਹ ਉਤਸ਼ਾਹਿਤ ਹਨ। ਉਹ ਇਸ ਸਮੇਂ ਸਾਨੂੰ ਦੇਖ ਰਹੇ ਹਨ।” ਟਰੰਪ ਨੇ ਕਿਹਾ,“ਪਾਕਿਸਤਾਨ ਅਤੇ ਭਾਰਤ। ਇਹ ਇੱਕ ਵੱਡਾ ਮਾਮਲਾ ਸੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਅਸਲ ਵਿੱਚ ਖੜ੍ਹੇ ਹੋਣਾ ਚਾਹੀਦਾ ਹੈ,ਕਿਰਪਾ ਕਰਕੇ ਸਿਰਫ਼ ਇੱਕ ਸਕਿੰਟ ਲਈ ਖੜ੍ਹੇ ਹੋਵੋ। ਪਾਕਿਸਤਾਨ ਅਤੇ ਭਾਰਤ। ਤੁਹਾਡਾ ਬਹੁਤ-ਬਹੁਤ ਧੰਨਵਾਦ।”
ਲੰਮੇ ਸੰਬੋਧਨ ਦੌਰਾਨ ਹੋਰ ਗੱਲਾਂ ਦੇ ਵਿਚਕਾਰ ਟਰੰਪ ਨੇ ਕਿਹਾ,“ ਉਨ੍ਹਾਂ ਵਿੱਚੋਂ ਬਹੁਤ ਸਾਰੇ ਕਹਿੰਦੇ ਹਨ,‘ਓਹ,ਉਹ ਨਹੀਂ ਲੜ ਰਹੇ ਸਨ’। ਉਹ ਲੜ ਰਹੇ ਸਨ,11 ਜੈੱਟ ਡੇਗ ਦਿੱਤੇ ਗਏ ਸਨ,ਬਹੁਤ ਮਹਿੰਗੇ ਜੈੱਟ,ਅਤੇ ਉਹ ਸਾਰੇ ਇਸ ਵਿੱਚ ਸ਼ਾਮਲ ਸਨ। ਉਹ ਦੋਵੇਂ ਪੂਰੀ ਤਰ੍ਹਾਂ ਸ਼ਾਮਲ ਸਨ,ਅਤੇ ਹੁਣ ਉਹ ਨਹੀਂ ਹਨ। ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਹਮੇਸ਼ਾ ਉਨ੍ਹਾਂ ਨਾਲ ਸਮਝੌਤਾ ਕਰਨ ਦੇ ਯੋਗ ਹੋਵਾਂਗੇ। ਮੈਂ ਸੱਚਮੁੱਚ ਅਜਿਹਾ ਮੰਨਦਾ ਹਾਂ। ਮੈਨੂੰ ਲੱਗਦਾ ਹੈ…ਰਿਸ਼ਤੇ ਵਿੱਚ ਵੀ ਕਾਫ਼ੀ ਤਰੱਕੀ ਹੋਈ ਹੈ। ਅਤੇ ਪ੍ਰਧਾਨ ਮੰਤਰੀ ਮੋਦੀ ਵੀ ਇੱਕ ਮਹਾਨ ਵਿਅਕਤੀ ਹਨ। ਉਹ ਇੱਕ ਮਹਾਨ ਇਨਸਾਨ ਹਨ। ਉਹ ਸਾਰੇ ਮਹਾਨ ਹਨ,ਪਰ ਮੈਨੂੰ ਇਸ ‘ਤੇ ਬਹੁਤ ਮਾਣ ਸੀ।”
ਹਾਲਾਂਕਿ,ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਹੜੇ ਦੇਸ਼ ਦੇ ਜਹਾਜ਼ਾਂ ਦਾ ਜ਼ਿਕਰ ਕਰ ਰਹੇ ਸਨ। ਟਰੰਪ ਨੇ ਪਿਛਲੇ ਸਾਲ 10 ਮਈ ਤੋਂ ਲੈ ਕੇ ਹੁਣ ਤੱਕ 80 ਤੋਂ ਵੱਧ ਵਾਰ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਰੋਕਣ ਦਾ ਸਿਹਰਾ ਲਿਆ ਹੈ।
