ਲੁਧਿਆਣਾ: ਲੁਧਿਆਣਾ ਪੁਲੀਸ ਨੇ 40 ਸਾਲਾ ਮਹਿਲਾ ‘ਤੇ ਹੋਏ ਤੇਜ਼ਾਬੀ ਹਮਲੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਾਨ ਸਿੰਘ (35) ਵਜੋਂ ਹੋਈ ਹੈ, ਜੋ ਜ਼ੀਰਕਪੁਰ ਦੇ ਬਾਲਟਾਣਾ ਦਾ ਰਹਿਣ ਵਾਲਾ ਹੈ।
ਪੁਲੀਸ ਮੁਤਾਬਕ ਪੀੜਤ ਮਹਿਲਾ ਅਤੇ ਮੁਲਜ਼ਮ ਪਾਨ ਸਿੰਘ ਪਹਿਲਾਂ ਜ਼ੀਰਕਪੁਰ ਵਿੱਚ ਇਕੱਠੇ ਰਹਿੰਦੇ ਸਨ। ਦੋਵੇਂ ਪਹਿਲਾਂ ਤੋਂ ਹੀ ਅੱਡ-ਅੱਡ ਵਿਆਹੇ ਹੋਏ ਸਨ। ਪਾਨ ਸਿੰਘ ਖੁਦ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣਾ ਚਾਹੁੰਦਾ ਸੀ ਅਤੇ ਸ਼ੁਰੂ ਵਿੱਚ ਉਸ ਨੇ ਹੀ ਮਹਿਲਾ ਨੂੰ ਇੰਸਟਾਗ੍ਰਾਮ ਰੀਲਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਪਰ ਬਾਅਦ ਵਿੱਚ ਉਹ ਮਹਿਲਾ ‘ਤੇ ਸ਼ੱਕ ਕਰਨ ਲੱਗਾ ਅਤੇ ਉਸ ਨੂੰ ਆਨਲਾਈਨ ਵੀਡੀਓ ਪਾਉਣ ਤੋਂ ਰੋਕਣ ਲੱਗ ਪਿਆ। ਜਦੋਂ ਮਹਿਲਾ ਨੇ ਉਸ ਦੀ ਗੱਲ ਨਹੀਂ ਮੰਨੀ, ਤਾਂ ਉਹਨਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਅਤੇ ਉਹ ਇੱਕ ਮਹੀਨਾ ਪਹਿਲਾਂ ਵੱਖ ਹੋ ਗਏ। ਪਾਨ ਸਿੰਘ ਨੇ ਰੰਜਿਸ਼ ਰੱਖਦਿਆਂ ਲੁਧਿਆਣਾ ਦੀ ਦੁੱਗਰੀ ਕਾਲੋਨੀ ਵਿੱਚ ਮਹਿਲਾ ਨੂੰ ਕੁਝ ਪੁੱਛਣ ਦੇ ਬਹਾਨੇ ਬੁਲਾਇਆ ਅਤੇ ਉਸ ਦੇ ਚਿਹਰੇ ‘ਤੇ ਤੇਜ਼ਾਬ ਸੁੱਟ ਦਿੱਤਾ। ਹਮਲਾ ਕਰਨ ਵੇਲੇ ਉਸ ਨੇ ਕਿਹਾ, “ਹੁਣ ਤੂੰ ਕੁਝ ਵੀ ਕਰਨ ਦੇ ਲਾਇਕ ਨਹੀਂ ਰਹੇਂਗੀ।” ਇਸ ਹਮਲੇ ਵਿੱਚ ਮਹਿਲਾ ਦਾ ਚਿਹਰਾ ਅਤੇ ਅੱਖਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
