ਮੋਹਾਲੀ: ਮੋਹਾਲੀ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਿਲਨੀਅਮ ਸਕੂਲ ਸਮੇਤ ਕਈ ਵਿਦਿਅਕ ਅਦਾਰਿਆਂ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ।ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਸ਼ਾਮ ਨੂੰ ਦੁਬਾਰਾ ਸਿਹਤ ਵਿਗੜਨ ਕਾਰਨ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ ਜਿਸ ਕਾਰਨ ਇਹ ਧਮਕੀ ਵਧੇਰੇ ਸੰਵੇਦਨਸ਼ੀਲ ਸੀ।
ਪੁਲੀਸ ਅਧਿਕਾਰੀਆਂ ਅਨੁਸਾਰ ਈਮੇਲ ਵਿੱਚ ਮੁੱਖ ਮੰਤਰੀ ਦਾ ਵੀ ਜ਼ਿਕਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲੀਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਹਸਪਤਾਲ ਵਿੱਚ ਗੈਰ-ਜ਼ਰੂਰੀ ਸੇਵਾਵਾਂ ਨੂੰ ਕੁਝ ਸਮੇਂ ਲਈ ਰੋਕ ਕੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ। ਮੋਹਾਲੀ ਦੇ ਐਸ.ਪੀ. (ਸਿਟੀ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਹੀ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਭੇਜੀ ਗਈ ਈਮੇਲ ਹੈ ਜਿਨ੍ਹਾਂ ਨੂੰ ਪਿਛਲੇ ਬੁੱਧਵਾਰ ਵੀ ਅਜਿਹੀ ਧਮਕੀ ਮਿਲੀ ਸੀ; ਪਿਛਲੀ ਵਾਰ ਜਾਂਚ ਵਿੱਚ ਆਈ.ਪੀ. ਐਡਰੈੱਸ ਅਮਰੀਕਾ ਦਾ ਅਤੇ ਰਿਕਵਰੀ ਈਮੇਲ ਬੰਗਲਾਦੇਸ਼ ਦੀ ਪਾਈ ਗਈ ਸੀ।
ਹਾਲਾਂਕਿ ਤਲਾਸ਼ੀ ਦੌਰਾਨ ਹਸਪਤਾਲ ਜਾਂ ਕਿਸੇ ਵੀ ਸਕੂਲ ਵਿੱਚੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ, ਫਿਰ ਵੀ ਚੰਡੀਗੜ੍ਹ, ਅੰਮ੍ਰਿਤਸਰ ਅਤੇ ਪਟਿਆਲਾ ਸਮੇਤ ਹੋਰ ਸ਼ਹਿਰਾਂ ਵਿੱਚ ਵਾਪਰੀਆਂ ਅਜਿਹੀਆਂ ਪਿਛਲੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।
ਜ਼ਿਕਰਯੋਗ ਹੈ ਕਿ ਮੋਹਾਲੀ ਅਤੇ ਚੰਡੀਗੜ੍ਹ (ਟ੍ਰਾਈਸਿਟੀ) ਵਿੱਚ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਧਮਕੀਆਂ ਦੇ ਮਾਮਲੇ ਵਧੇ ਹਨ; ਇਸ ਤੋਂ ਪਹਿਲਾਂ ਵੀ ਸੈਕਟਰ 26 ਦੇ ਕਈ ਨਾਮੀ ਸਕੂਲਾਂ, ਮੋਹਾਲੀ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਇੱਥੋਂ ਤੱਕ ਕਿ ਜ਼ਿਲ੍ਹਾ ਅਦਾਲਤ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਅਫਵਾਹਾਂ ਮਿਲ ਚੁੱਕੀਆਂ ਹਨ। ਹਾਲਾਂਕਿ ਪਿਛਲੀਆਂ ਜ਼ਿਆਦਾਤਰ ਧਮਕੀਆਂ ਮਹਿਜ਼ ਅਫਵਾਹਾਂ (Hoax) ਸਾਬਤ ਹੋਈਆਂ ਸਨ, ਪਰ ਪੁਲੀਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਈਬਰ ਸੈੱਲ ਦੀ ਮਦਦ ਨਾਲ ਧਮਕੀ ਭਰੀ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ।

