ਚੰਡੀਗੜ੍ਹ: ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਹਾਈ-ਵੋਲਟੇਜ ਮੁਕਾਬਲੇ ਵਿੱਚ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਹੈ। ਇਸ ਵੱਡੀ ਜਿੱਤ ਤੋਂ ਤੁਰੰਤ ਬਾਅਦ ਮੈਦਾਨ ’ਤੇ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਸ ਨੇ ਡਰੈਸਿੰਗ ਰੂਮ ਵਿੱਚ ਤਣਾਅ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਮੈਚ ਖ਼ਤਮ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਉਪ-ਕਪਤਾਨ ਹਾਰਦਿਕ ਪਾਂਡਿਆ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਸਪਿੰਨਰ ਕੁਲਦੀਪ ਯਾਦਵ ਨਾਲ ਕਾਫੀ ਗੁੱਸੇ ਵਿੱਚ ਗੱਲ ਕਰਦੇ ਨਜ਼ਰ ਆਏ। ਇਹ ਸਾਰਾ ਵਿਵਾਦ ਪਾਕਿਸਤਾਨੀ ਪਾਰੀ ਦੇ ਆਖਰੀ ਓਵਰ ਵਿੱਚ ਕੁਲਦੀਪ ਯਾਦਵ ਵੱਲੋਂ ਛੱਡੇ ਗਏ ਇੱਕ ਕੈਚ ਕਾਰਨ ਸ਼ੁਰੂ ਹੋਇਆ। ਹਾਰਦਿਕ ਪਾਂਡਿਆ ਦੇ ਓਵਰ ਦੀ ਦੂਜੀ ਗੇਂਦ ’ਤੇ ਸ਼ਾਹੀਨ ਅਫਰੀਦੀ ਨੇ ਹਵਾ ਵਿੱਚ ਸ਼ਾਟ ਖੇਡਿਆ ਪਰ ਬਾਊਂਡਰੀ ’ਤੇ ਖੜ੍ਹੇ ਕੁਲਦੀਪ ਦੇ ਹੱਥਾਂ ਵਿੱਚੋਂ ਗੇਂਦ ਫਿਸਲ ਕੇ ਬਾਹਰ ਚਲੀ ਗਹੀ ਜਿਸ ਨਾਲ ਪਾਕਿਸਤਾਨ ਨੂੰ ਛੇ ਦੌੜਾਂ ਮਿਲੀਆਂ। ਇਸ ਗਲਤੀ ’ਤੇ ਹਾਰਦਿਕ ਪਾਂਡਿਆ ਨੇ ਮੈਦਾਨ ’ਤੇ ਹੀ ਆਪਣਾ ਗੁੱਸਾ ਜ਼ਾਹਰ ਕੀਤਾ। ਮੈਚ ਜਿੱਤਣ ਤੋਂ ਬਾਅਦ ਜਦੋਂ ਖਿਡਾਰੀ ਆਪਸ ਵਿੱਚ ਹੱਥ ਮਿਲਾ ਰਹੇ ਸਨ, ਉਦੋਂ ਵੀ ਹਾਰਦਿਕ ਕੁਲਦੀਪ ਨੂੰ ਇਸ਼ਾਰੇ ਕਰਕੇ ਕੁਝ ਸਮਝਾਉਂਦੇ ਅਤੇ ਗੁੱਸਾ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਰਿੰਕੂ ਸਿੰਘ ਨੇ ਦਖਲ ਦੇ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਕਪਤਾਨ ਸੂਰਿਆਕੁਮਾਰ ਨੇ ਵੀ ਕੁਲਦੀਪ ਨੂੰ ਸਖ਼ਤ ਲਹਿਜ਼ੇ ਵਿੱਚ ਕੁਝ ਕਿਹਾ। ਹਾਲਾਂਕਿ ਹਾਰਦਿਕ ਨੇ ਉਸੇ ਓਵਰ ਦੀ ਆਖਰੀ ਗੇਂਦ ’ਤੇ ਵਿਕਟ ਲੈ ਕੇ ਮੈਚ ਖ਼ਤਮ ਕਰ ਦਿੱਤਾ।
Posted inChandigarh
T-20 World Cup: ਜਿੱਤ ਦੇ ਬਾਵਜੂਦ Indian Cricket Players ਵਿਚਾਲੇ ਖਿੱਚੋਤਾਣ

