ਨਵੀਂ ਦਿੱਲੀ: ਨਵੀਂ ਦਿੱਲੀ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਦੁਨੀਆ ਦਾ ਕੇਂਦਰ ਬਣਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਧਾਨੀ ਦੇ ਭਾਰਤ ਮੰਡਪਮ ਵਿਚ ‘ਇੰਡੀਆ ਏਆਈ ਇੰਪੈਕਟ ਸਮਿਟ 2026’ ਅਤੇ ਇਸ ਨਾਲ ਜੁੜੇ ਵੱਡੇ ਐਕਸਪੋ ਦਾ ਉਦਘਾਟਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਤੋਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੰਮੇਲਨ ਭਾਰਤ ਦੇ ਨੌਜਵਾਨਾਂ ਦੀ ਕਾਬਲੀਅਤ ਅਤੇ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿੱਚ ਦੇਸ਼ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਦਾ ਸਬੂਤ ਹੈ। ਇਹ ਸਮਾਗਮ 16 ਤੋਂ 20 ਫਰਵਰੀ ਤੱਕ ਚੱਲੇਗਾ ਜੋ ‘ਗਲੋਬਲ ਸਾਊਥ’ (ਵਿਕਾਸਸ਼ੀਲ ਦੇਸ਼ਾਂ) ਵਿੱਚ ਹੋਣ ਵਾਲਾ ਪਹਿਲਾ ਅੰਤਰਰਾਸ਼ਟਰੀ AI ਸੰਮੇਲਨ ਹੈ, ਜਿਸ ਵਿੱਚ ਦੁਨੀਆ ਭਰ ਤੋਂ ਕਈ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮਾਹਿਰ ਹਿੱਸਾ ਲੈ ਰਹੇ ਹਨ।
ਇਸ ਸੰਮੇਲਨ ਦਾ ਮੁੱਖ ਕੇਂਦਰ ਭਾਰਤ ਦਾ ਆਪਣਾ ਸਵਦੇਸ਼ੀ AI ਵਿਜ਼ਨ ਹੈ। ਇੰਡੀਆ-ਏਆਈ ਮਿਸ਼ਨ ਤਹਿਤ ਭਾਰਤ 12 ਅਜਿਹੇ AI ਮਾਡਲ ਪੇਸ਼ ਕਰ ਰਿਹਾ ਹੈ ਜੋ ਖਾਸ ਤੌਰ ’ਤੇ ਭਾਰਤੀ ਭਾਸ਼ਾਵਾਂ ’ਤੇ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚ ਆਈ.ਆਈ.ਟੀ. ਬੰਬੇ ਦੇ ‘ਭਾਰਤ-ਜੈਨ’ ਅਤੇ ‘ਸਰਵਮ ਏਆਈ’ ਵਰਗੇ ਸਟਾਰਟਅੱਪਸ ਦੇ ਨਵੀਨਤਮ ਮਾਡਲ ਸ਼ਾਮਲ ਹਨ, ਜੋ ਖੇਤੀਬਾੜੀ, ਸਿਹਤ ਅਤੇ ਪ੍ਰਸ਼ਾਸਨ ਵਰਗੇ ਖੇਤਰਾਂ ਵਿੱਚ ਕ੍ਰਾਂਤੀ ਲਿਆਉਣਗੇ। 70,000 ਵਰਗ ਮੀਟਰ ਵਿੱਚ ਫੈਲੇ ਇਸ ਐਕਸਪੋ ਵਿੱਚ AI ਦੀਆਂ ਅਸਲ ਵਰਤੋਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਨਾਲ ਇਹ ਦਿਖਾਇਆ ਜਾਵੇਗਾ ਕਿ ਤਕਨਾਲੋਜੀ ਕਿਵੇਂ ਆਮ ਇਨਸਾਨ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਟੀਚਾ 2027 ਤੱਕ ਆਪਣੀ AI ਮਾਰਕੀਟ ਨੂੰ 17 ਬਿਲੀਅਨ ਡਾਲਰ ਤੋਂ ਪਾਰ ਲਿਜਾਣਾ ਹੈ। 80 ਕਰੋੜ ਇੰਟਰਨੈਟ ਉਪਭੋਗਤਾਵਾਂ ਅਤੇ ਮਜ਼ਬੂਤ ਸਟਾਰਟਅੱਪ ਸੱਭਿਆਚਾਰ ਦੇ ਨਾਲ, ਭਾਰਤ ਹੁਣ ਦੁਨੀਆ ਨੂੰ ਇਹ ਦੱਸਣ ਲਈ ਤਿਆਰ ਹੈ ਕਿ AI ਦਾ ਭਵਿੱਖ ਸਿਰਫ ਤਕਨਾਲੋਜੀ ਨਹੀਂ, ਬਲਕਿ ਬਰਾਬਰੀ ਅਤੇ ਨੈਤਿਕਤਾ ‘ਤੇ ਆਧਾਰਿਤ ਹੋਣਾ ਚਾਹੀਦਾ ਹੈ।

