ਅਮਰਿੰਦਰ ਨੂੰ ਤਲਬ ਕਰਨ ਵਾਲੇ ਈ ਡੀ ਅਧਿਕਾਰੀ ਦੀ ਬਦਲੀ

ਅਮਰਿੰਦਰ ਨੂੰ ਤਲਬ ਕਰਨ ਵਾਲੇ ਈ ਡੀ ਅਧਿਕਾਰੀ ਦੀ ਬਦਲੀ

ਚੰਡੀਗਡ਼੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕਰਨ ਵਾਲੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਵਧੀਕ ਨਿਰਦੇਸ਼ਕ ਰਵੀ ਤਿਵਾੜੀ ਦੀ ਬਦਲੀ ਕਰ ਦਿੱਤੀ ਗਈ ਹੈ। ਉਸ ਦੀ ਥਾਂ ਹੁਣ ਵਧੀਕ ਨਿਰਦੇਸ਼ਕ ਵਜੋਂ ਜਲੰਧਰ ਵਿੱਚ ਦਿਨੇਸ਼ ਪਚੌਰੀ ਦੀ ਤਾਇਨਾਤੀ ਕੀਤੀ ਗਈ ਹੈ। ਤਿਵਾੜੀ ਨੂੰ ਚੇਨੱਈ ਤਬਦੀਲ ਕੀਤਾ ਗਿਆ ਹੈ। ਉੱਚ ਅਧਿਕਾਰੀ ਭਾਵੇਂ ਇਸ ਨੂੰ ਰੁਟੀਨ ਬਦਲੀ ਦੱਸ ਰਹੇ ਹਨ ਪਰ ਕੈਪਟਨ ਪਰਿਵਾਰ ਦੀ ਤਲਬੀ ਮੌਕੇ ਹੋਈ ਇਹ ਬਦਲੀ ਕਈ ਸ਼ੰਕੇ ਖੜ੍ਹੇ ਕਰਦੀ ਹੈ।

ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਕਥਿਤ ਉਲੰਘਣਾ ਦੇ ਮਾਮਲੇ ’ਚ 12 ਫਰਵਰੀ ਲਈ ਸੰਮਨ ਕੀਤਾ ਗਿਆ ਸੀ; ਹਾਲਾਂਕਿ ਦੋਵੇਂ ਪਿਉ-ਪੁੱਤ ਈ ਡੀ ਕੋਲ ਪੇਸ਼ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਸਪਤਾਲ ਵਿੱਚ ਹਨ ਜਿੱਥੇ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਦਾਲਤੀ ਹੁਕਮਾਂ ’ਤੇ ਹੀ ਈ ਡੀ ਨੇ ਅਮਰਿੰਦਰ ਪਰਿਵਾਰ ਨੂੰ ਤਲਬ ਕੀਤਾ ਹੈ। ਈ ਡੀ ਅਧਿਕਾਰੀ ਰਵੀ ਤਿਵਾੜੀ ਸਤੰਬਰ 2023 ਵਿੱਚ ਜਲੰਧਰ ’ਚ ਬਤੌਰ ਸੰਯੁਕਤ ਡਾਇਰੈਕਟਰ ਤਾਇਨਾਤ ਹੋਏ ਸਨ। ਕੇਂਦਰੀ ਏਜੰਸੀ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਦਲੀ ਰੁਟੀਨ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਹਰ ਸਾਲ ਜਨਵਰੀ ਤੋਂ ਮਾਰਚ ਦਰਮਿਆਨ ਬਦਲੀਆਂ ਹੁੰਦੀਆਂ ਹਨ। ਤਿਵਾੜੀ ਦੋ ਸਾਲ ਤੋਂ ਜਲੰਧਰ ਵਿੱਚ ਤਾਇਨਾਤ ਸਨ ਅਤੇ ਨਿਯਮਾਂ ਮੁਤਾਬਕ ਉਨ੍ਹਾਂ ਦੀ ਬਦਲੀ ਤੈਅ ਸੀ। ਚੇਤੇ ਰਹੇ ਕਿ ਈ ਡੀ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਰਣਇੰਦਰ ਸਿੰਘ ਨਾਲ ਜੁੜਿਆ ਹੈ। ਈ ਡੀ ਪਹਿਲਾਂ ਵੀ ਰਣਇੰਦਰ ਸਿੰਘ ਤੋਂ ਸਵਿਟਜ਼ਰਲੈਂਡ ਵਿੱਚ ਫੰਡਾਂ ਦੀ ਕਥਿਤ ਹੇਰਾਫੇਰੀ ਅਤੇ ‘ਜੈਕਾਰੰਡਾ ਟਰੱਸਟ’ ਦੇ ਗਠਨ ਨੂੰ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ।

Share: