ਕੋਲੰਬੋ: ਸਲਾਮੀ ਬੱਲੇਬਾਜ਼ ਬ੍ਰਾਇਨ ਬੈਨੇਟ ਦੀਆਂ ਨਾਬਾਦ 64 ਦੌੜਾਂ ਦੀ ਪਾਰੀ ਅਤੇ ਤੇਜ਼ ਗੇਂਦਬਾਜ਼ ਬਲੈਸਿੰਗ ਮੁਜ਼ਰਬਾਨੀ ਅਤੇ ਬ੍ਰੈਡ ਇਵਾਂਸ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਜ਼ਿੰਬਾਬਵੇ ਨੇ ਇੱਥੇ ਸਾਬਕਾ ਚੈਂਪੀਅਨ ਆਸਟਰੇਲੀਆ ਨੂੰ 23 ਦੌੜਾਂ ਨਾਲ ਹਰਾ ਕੇ ਟੀ20 ਵਿਸ਼ਵ ਕੱਪ ’ਚ ਵੱਡਾ ਉਲਟਫੇਰ ਕੀਤਾ।
ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ’ਤੇ ਦੋ ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟਰੇਲੀਆ ਦੀ ਟੀਮ 19.3 ਓਵਰਾਂ ’ਚ 146 ਦੌੜਾਂ ਬਣਾ ਕੇ ਸਿਮਟ ਗਈ। ਮੁਜ਼ਰਬਾਨੀ ਨੇ 17 ਦੌੜਾਂ ਦੇ ਕੇ ਚਾਰ ਅਤੇ ਇਵਾਂਸ ਨੇ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਤਰਫ਼ੋਂ ਸਿਰਫ਼ ਮੈਟ ਰੇਨਸ਼ਾਹ ਹੀ ਚੰਗਾ ਖੇਡ ਸਕਿਆ। ਉਸ ਨੇ 44 ਗੇਂਦਾਂ ’ਤੇ 65 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਸ਼ਾਮਲ ਹੈ। ਜ਼ਿੰਬਾਬਵੇ ਨੇ 2007 ਦੇ ਟੀ20 ਵਿਸ਼ਵ ਕੱਪ ਵਿੱਚ ਵੀ ਆਸਟਰੇਲੀਆ ਨੂੰ ਹਰਾਇਆ ਸੀ। ਇਸ ਹਾਰ ਨੇ ਆਸਟਰੇਲੀਆ ਦੀ ਸਥਿਤੀ ਹੋਰ ਵੀ ਖਰਾਬ ਕਰ ਦਿੱਤੀ ਹੈ, ਜੋ ਮੈਦਾਨ ਵਿੱਚ ਜ਼ਖ਼ਮੀ ਖਿਡਾਰੀਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ; ਜ਼ਿੰਬਾਬਵੇ ਲਗਾਤਾਰ ਦੂਜੀ ਜਿੱਤ ਸਦਕਾ ਚਾਰ ਅੰਕ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਬੈਨੇਟ ਨੇ 56 ਗੇਂਦਾਂ ’ਤੇ ਸੱਤ ਚੌਕੇ ਲਗਾ ਕੇ ਜ਼ਿੰਬਾਬਵੇ ਲਈ ਮਜ਼ਬੂਤ ਸਕੋਰ ਦੀ ਨੀਂਹ ਰੱਖੀ। ਜ਼ਿੰਬਾਬਵੇ ਨੇ 15 ਓਵਰ ਤੱਕ ਇੱਕ ਵਿਕਟ ਗੁਆ ਕੇ 125 ਦੌੜਾਂ ਬਣਾ ਲਈਆਂ ਸਨ ਪਰ ਆਸਟਰੇਲੀਆ ਨੇ ਵਾਪਸੀ ਕਰਦਿਆਂ ਆਖ਼ਰੀ ਪੰਜ ਓਵਰਾਂ ’ਚ ਸਿਰਫ਼ 44 ਦੌੜਾਂ ਹੀ ਬਣਨ ਦਿੱਤੀਆਂ।
ਯੂ ਏ ਈ ਨੇ ਕੈਨੇਡਾ ਨੂੰ ਪੰਜ ਵਿਕਟਾਂ ਨਾਲ ਹਰਾਇਆ
ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ (ਯੂ ਏ ਈ) ਨੇ ਆਈ ਸੀ ਸੀ ਟੀ20 ਵਿਸ਼ਵ ਕੱਪ ਗਰੁੱਪ ਡੀ ਮੈਚ ਵਿੱਚ ਇੱਥੇ ਕੈਨੇਡਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦਰਜ ਕੀਤੀ। ਕੈਨੇਡਾ ਨੂੰ ਸੱਤ ਵਿਕਟਾਂ ਉੱਤੇ 150 ਦੌੜਾਂ ’ਤੇ ਰੋਕਣ ਮਗਰੋਂ ਯੂ ਏ ਈ ਨੇ 19.4 ਓਵਰ ਵਿੱਚ ਪੰਜ ਵਿਕਟਾਂ ਗੁਆ ਕੇ ਇਹ ਟੀਚਾ ਪੂਰਾ ਕਰ ਲਿਆ। ਯੂ ਏ ਈ ਲਈ ਅਰਿਆਂਸ਼ ਸ਼ਰਮਾ ਨੇ 53 ਗੇਂਦਾਂ ’ਚ ਨਾਬਾਦ 74 ਦੌੜਾਂ ਅਤੇ ਸ਼ੋਇਬ ਖ਼ਾਨ ਨੇ 29 ਗੇਂਦਾਂ ’ਚ ਨਾਬਾਦ 51 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੁਨੈਦ ਸਿੱਦੀਕੀ ਨੇ ਪਹਿਲੀ ਵਾਰ 35 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਕੈਨੇਡਾ ਲਈ ਸਾਦ ਬਿਨ ਜ਼ਫ਼ਰ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
