ਨਵੀਂ ਦਿੱਲੀ: ਭਾਰਤ ਦੇ ਸਟਾਰ ਪਿਸਟਲ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਆਪਣੇ ਕਰੀਅਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਅੱਜ 25 ਮੀਟਰ ਸੈਂਟਰ ਫਾਇਰ ਵਿੱਚ ਸੋਨ ਤਗ਼ਮਾ ਜਿੱਤਿਆ ਅਤੇ ਇਸ ਮੁਕਾਬਲੇ ਦੇ ਤਿੰਨੇ ਤਗ਼ਮੇ ਭਾਰਤ ਦੀ ਝੋਲੀ ਪਏ। ਅਮਨਪ੍ਰੀਤ (38) ਨੇ 589 ਅੰਕਾਂ ਨਾਲ ਸੋਨ ਤਗ਼ਮਾ ਆਪਣੇ ਨਾਂ ਕੀਤਾ; ਓਲੰਪੀਅਨ ਗੁਰਪ੍ਰੀਤ ਸਿੰਘ ਨੇ 584 ਅੰਕਾਂ ਨਾਲ ਚਾਂਦੀ ਅਤੇ ਅੰਕੁਰ ਗੋਇਲ ਨੇ 570 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਤਿੱਕੜੀ ਨੇ ਟੀਮ ਵਰਗ ਵਿੱਚ ਵੀ ਸੋਨ ਤਗ਼ਮਾ ਆਪਣੇ ਨਾਮ ਕੀਤਾ ਅਤੇ ਵੀਅਤਨਾਮ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਭਾਰਤ ਨੇ ਆਖ਼ਰੀ ਦਿਨ ਸੱਤ ਤਗ਼ਮੇ ਜਿੱਤੇ ਅਤੇ ਟੀਮ ਨੇ 13 ਸੋਨ, 11 ਚਾਂਦੀ ਅਤੇ ਨੌਂ ਕਾਂਸੀ ਸਣੇ 33 ਤਗ਼ਮੇ ਜਿੱਤੇ। ਸਿਫ਼ਤ ਕੌਰ ਸਮਰਾ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਪ੍ਰੋਨ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਤਜਰਬੇਕਾਰ ਤੇਜਸਵਿਨੀ ਸਾਵੰਤ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਕਜ਼ਾਖਸਤਾਨ ਦੀ ਯੋਲਿਜਾਵੇਤਾ ਨੂੰ ਸੋਨ ਤਗ਼ਮਾ ਮਿਲਿਆ। ਸਮਰਾ, ਸਾਵੰਤ ਅਤੇ ਜੈਪੁਰ ਦੀ ਮਾਨਿਨੀ ਕੌਸ਼ਿਕ ਦੀ ਭਾਰਤੀ ਤਿੱਕੜੀ ਨੇ ਸੋਨ ਤਗ਼ਮਾ ਜਿੱਤਿਆ। ਕਜ਼ਾਖਸਤਾਨ 0.1 ਅੰਕ ਪਿੱਛੇ ਦੂਜੇ ਸਥਾਨ ’ਤੇ ਰਿਹਾ।
ਭਾਰਤ ਦੀ ਧਵਲਿਕਾ ਦੇਵੀ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਜੂਨੀਅਰ ਪ੍ਰੋਨ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਕਜ਼ਾਖਸਤਾਨ ਦੀ ਤੋਮਿਰਿਸ ਅਮਾਨੋਵਾ ਨੇ ਸੋਨੇ ਅਤੇ ਦਰਿਆ ਪੋਨੋਮਾਰੇਂਕੋ ਨੇ ਚਾਂਦੀ ਦਾ ਤਗ਼ਮਾ ਜਿੱਤਿਆ।

