ਜਲੰਧਰ: ਇਥੋਂ ਨੇੜਲੇ ਪਿੰਡ ਨੰਗਲ ਸ਼ਾਮਾ ਦੇ ਮਰੇ ਵਿਅਕਤੀ ਦੀ ਜਾਣਕਾਰੀ ਲੁਕੋ ਕੇ ਜਾਅਲੀ ਆਧਾਰ ਕਾਰਡ ਬਣਵਾ ਕੇ 17 ਮਰਲੇ ਜ਼ਮੀਨ ਦੀ ਰਜਿਸਟਰੀ ਅਤੇ ਇੰਤਕਾਲ ਕਰਵਾਉਣ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਸਬ-ਰਜਿਸਟਰਾਰ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਵਿਜੈ ਭਾਟੀਆ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਪੁਲੀਸ ਜਾਂਚ ਅਨੁਸਾਰ ਜਮੁਨਾ ਦਾਸ ਦੀ ਮੌਤ 2023 ਵਿੱਚ ਹੋ ਗਈ ਸੀ। ਇਸ ਦੇ ਬਾਵਜੂਦ ਅਕਤੂਬਰ 2024 ਨੂੰ ਉਨ੍ਹਾਂ ਦੇ ਨਾਮ ’ਤੇ ਫ਼ਰਜ਼ੀ ਆਧਾਰ ਕਾਰਡ ਬਣਵਾ ਕੇ 17 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ। ਜਾਂਚ ਵਿੱਚ ਸਾਹਮਣੇ ਆਇਆ ਜ਼ਮੀਨ ਦੀ ਰਜਿਸਟਰੀ 22 ਲੱਖ ਰੁਪਏ ਵਿੱਚ ਕਾਂਗਰਸ ਦੇ ਸਾਬਕਾ ਕੌਂਸਲਰ ਮਨਦੀਪ ਕੁਮਾਰ ਦੇ ਨਾਮ ’ਤੇ ਕਰਵਾਈ ਗਈ। ਮਾਮਲੇ ਵਿੱਚ ਪੁਲੀਸ ਨੇ ਜਮੁਨਾ ਦਾਸ ਦੀ ਪਛਾਣ ਦੱਸ ਕੇ ਜ਼ਮੀਨ ਵੇਚਣ ਵਾਲੇ ਵਿਅਕਤੀ ਅਤੇ ਖ਼ਰੀਦਦਾਰ ਸਾਬਕਾ ਕੌਂਸਲਰ ਮਨਦੀਪ ਕੁਮਾਰ, ਗਵਾਹ ਨੰਬਰਦਾਰ ਹਰਜਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ।
ਧੋਖਾਧੜੀ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਸੀ: ਮਨਦੀਪ ਕੁਮਾਰ
ਸਾਬਕਾ ਕੌਂਸਲਰ ਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਜ਼ਮੀਨ 22 ਲੱਖ ਰੁਪਏ ਵਿੱਚ ਖ਼ਰੀਦੀ ਸੀ ਅਤੇ ਸਾਰਾ ਭੁਗਤਾਨ ਬੈਂਕ ਜ਼ਰੀਏ ਕੀਤਾ ਗਿਆ ਸੀ। ਮਈ 2024 ਵਿੱਚ ਉਨ੍ਹਾਂ ਨੇ ਆਪਣੇ ਨਾਲ ਜ਼ਮੀਨ ਖ਼ਰੀਦਣ ਮੌਕੇ ਹੋਈ ਧੋਖਾਧੜੀ ਦੀ ਪੁਲੀਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਉਸ ਦਰਖ਼ਾਸਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਹ ਪੁਲੀਸ ਕਮਿਸ਼ਨਰ ਜਲੰਧਰ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ।