‘ਆਪ’ ਵਿਧਾਇਕਾ ਨੂੰ ਡੋਰੇ ਪਾਉਣ ਲੱਗੀ ਭਾਜਪਾ

‘ਆਪ’ ਵਿਧਾਇਕਾ ਨੂੰ ਡੋਰੇ ਪਾਉਣ ਲੱਗੀ ਭਾਜਪਾ

ਚੰਡੀਗਡ਼੍ਹ: ਪੰਜਾਬ ਵਿੱਚ ਸਿਆਸੀ ਪਾਰਟੀਆਂ ਨੇ ਚੋਣ ਬਿਗਲ ਵਜਾ ਦਿੱਤਾ ਹੈ। ਉਹ ਲੋਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਈਆਂ ਹਨ। ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ’ਤੇ ਮੁੜ ਤੋਂ ਵਿਧਾਇਕ ਦੀ ਖਰੀਦੋ-ਫਰੋਖ਼ਤ ਦੇ ਦੋਸ਼ ਲਗਾਏ ਹਨ। ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਅੱਜ ਚੰਡੀਗੜ੍ਹ ਵਿੱਚ ਦਾਅਵਾ ਕੀਤਾ ਕਿ ਭਾਜਪਾ ਵੱਲੋਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਅਪਰੇਸ਼ਨ ਲੋਟਸ’ ਤਹਿਤ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਸ ਨਾਲ ਰਾਬਤਾ ਕਰ ਕੇ ਬੰਦ ਕਮਰਾ ਮੀਟਿੰਗ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਭਾਜਪਾ ਦੀ ਟਿਕਟ ਅਤੇ ਹੋਰ ਮੰਗਾਂ ਪੂਰਾ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਜਿਸ ਨੂੰ ਉਸ ਨੇ ਠੁਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਾਲ 2014 ਤੋਂ ‘ਆਪ’ ਨਾਲ ਜੁੜੀ ਹੋਈ ਹੈ ਅਤੇ ‘ਆਪ’ ਨੇ ਹੀ ਉਸ ਨੂੂੰ ਛੋਟੀ ਉਮਰ ਵਿੱਚ ਵਿਧਾਇਕ ਬਣਾ ਦਿੱਤਾ ਹੈ। ‘ਆਪ’ ਦੇ ਵਿਧਾਇਕ ਭਾਜਪਾ ਦੇ ਲਾਲਚ ਵਿੱਚ ਆਉਣ ਵਾਲੇ ਨਹੀਂ ਹਨ ਤੇ ਨਾ ਹੀ ਵਿਕਣ ਵਾਲੇ ਹਨ। ਵਿਧਾਇਕਾ ਨੇ ਹਰਿਆਣਾ ਦੇ ਮੁੱਖ ਮੰਤਰੀ ’ਤੇ ਹਮਲਾ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਨਾਇਬ ਸੈਣੀ ਪੰਜਾਬ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ। ਇਸ ਤੋਂ ਲਗਦਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਡੈਪੂਟੇਸ਼ਨ ’ਤੇ ਪੰਜਾਬ ਭੇਜ ਦਿੱਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪੰਜਾਬ ਦੀ ਫਿਕਰ ਛੱਡ ਕੇ ਹਰਿਆਣਾ ਦੀ ਫਿਕਰ ਕਰਨ।

ਬਲਤੇਜ ਪੰਨੂ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਮੁੜ ਤੋਂ ਅਪਰੇਸ਼ਨ ਲੋਟਸ ਰਾਹੀਂ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਚਾਰ ਸਾਲਾਂ ਵਿੱਚ ਸਿੱਖਿਆ, ਸਿਹਤ, ਰੁਜ਼ਗਾਰ ਤੇ ਹੋਰਨਾਂ ਖੇਤਰਾਂ ਵਿੱਚ ਮਿਸਾਲੀ ਕੰਮ ਕੀਤੇ ਹਨ, ਜਿਸ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ। ਇਸੇ ਲਈ ਭਾਜਪਾ ਵੱਲੋਂ ‘ਆਪ’ ਆਗੂਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਾਂਗਰਸ ਪਾਰਟੀ ’ਤੇ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ। ਪੰਜਾਬ ਦੇ ਲੋਕ ਸਾਲ 2027 ਦੀਆਂ ਚੋਣਾਂ ਵਿੱਚ ‘ਆਪ’ ਨੂੰ ਵੱਡੇ ਬਹੁਮਤ ਨਾਲ ਜਿਤਾਉਣਗੇ।

ਆਪ’ ਨੇ 2022 ਵਿੱਚ ਭਾਜਪਾ ’ਤੇ ਅਪਰੇਸ਼ਨ ਲੋਟਸ ਤਹਿਤ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਕਰ ਕੇ ਪੰਜਾਬ ਸਰਕਾਰ ਨੂੰ ਡੇਗਣ ਦੇ ਦੋਸ਼ ਲਗਾਏ ਸਨ। ਉਸ ਮਾਮਲੇ ਵਿੱਚ ਪੁਲੀਸ ਤੱਕ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਉਸ ਬਾਰੇ ਹਾਲੇ ਤੱਕ ਕੁਝ ਸਾਹਮਣੇ ਨਹੀਂ ਆਇਆ।

ਭਾਜਪਾ ਨੇ ਦੋਸ਼ ਨਕਾਰੇ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਮੀਡੀਆ ਸਕੱਤਰ ਪ੍ਰਵੀਨ ਅੱਤਰੇ ਨੇ ‘ਆਪ’ ਵੱਲੋਂ ਲਗਾਏ ਗਏ ਦੋਸ਼ਾ ਨੂੰ ਨਕਾਰਦਿਆਂ ਕਿਹਾ ਕਿ ਉਹ ਤਾਂ ਨਰਿੰਦਰ ਕੌਰ ਭਰਾਜ ਨੂੰ ਜਾਣਦੇ ਵੀ ਨਹੀਂ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ ‘ਆਪ’ ਦਾ ਸਫਾਇਆ ਹੋਣ ਵਾਲਾ ਹੈ। ਇਸ ਹਾਰ ਨੂੰ ਦੇਖਦਿਆਂ ‘ਆਪ’ ਵੱਲੋਂ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਅਪਰੇਸ਼ਨ ਲੋਟਸ ਦੇ ਨਾਮ ’ਤੇ ਡਰਾਮਾ ਕਰ ਰਹੀ ਹੈ, ਪਰ ਲੋਕ ‘ਆਪ’ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ। ‘ਆਪ’ ਸਬੂਤ ਪੇਸ਼ ਕਰੇ ਨਹੀਂ ਤਾਂ ਮੁਆਫੀ ਮੰਗੇ।

Share: