ਵਜ਼ੀਫ਼ਾ ਘਪਲਾ: ਵਿਸ਼ੇਸ਼ ਜਾਂਚ ਟੀਮ ਦੇ ਹੱਥ ਨਾ ਲੱਗਾ ਰਿਕਾਰਡ

ਵਜ਼ੀਫ਼ਾ ਘਪਲਾ: ਵਿਸ਼ੇਸ਼ ਜਾਂਚ ਟੀਮ ਦੇ ਹੱਥ ਨਾ ਲੱਗਾ ਰਿਕਾਰਡ

ਮਾਲੇਰਕੋਟਲਾ: ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਆਦੇਸ਼ਾਂ ’ਤੇ ਐੱਸ ਡੀ ਐੱਮ ਅਹਿਮਦਗੜ੍ਹ ਵੱਲੋਂ ਕਾਇਮ ਕੀਤੀ ਗਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵੀ ਸੰਤ ਅਤਰ ਸਿੰਘ ਖਾਲਸਾ ਕਾਲਜ ਸੰਦੌੜ ’ਚ ਪੜ੍ਹਦੇ ਐੱਸ ਸੀ ਵਿਦਿਆਰਥੀਆਂ ਦੇ ਲੱਖਾਂ ਰੁਪਏ ਦੀ ਵਜ਼ੀਫਾ ਰਾਸ਼ੀ ਦੇ ਕਥਿਤ ਘਪਲ਼ੇ ਨਾਲ ਸਬੰਧਤ ਰਿਕਾਰਡ ਪ੍ਰਾਪਤ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਪੰਜਾਬ ਰਾਜ ਐੱਸ ਸੀ ਕਮਿਸ਼ਨ ਅਤੇ ਐੱਸ ਐੱਸ ਪੀ ਮਾਲੇਰਕੋਟਲਾ ਦੀਆਂ ਪੜਤਾਲਾਂ ਵੀ ਐੱਸ ਸੀ ਵਿਦਿਆਰਥੀਆਂ ਲਈ ਸਕਾਲਰਸ਼ਿੱਪ ਰਾਸ਼ੀ ਦੇ ਕਾਲਜ ਅਕਾਊਂਟ ਵਿੱਚ ਆਏ ਲੱਖਾਂ ਰੁਪਏ ਦੀ ਕੋਈ ਉੱਘ ਸੁੱਘ ਨਹੀਂ ਲੈ ਸਕੀਆਂ।

ਜਾਣਕਾਰੀ ਅਨੁਸਾਰ ਡੀ ਸੀ ਮਾਲੇਰਕੋਟਲਾ ਦੇ ਹੁਕਮਾਂ ’ਤੇ ਐੱਸ ਡੀ ਐੱਮ ਅਹਿਮਦਗੜ੍ਹ ਵੱਲੋਂ 9 ਮਈ 2025 ਨੂੰ ਇਸ ਮਾਮਲੇ ਦੀ ਜਾਂਚ ਲਈ ਸਰਕਾਰੀ ਬੀ ਐਡ ਕਾਲਜ ਮਾਲੇਰਕੋਟਲਾ ਦੇ ਪ੍ਰਿੰਸੀਪਲ ਡਾ. ਇਰਫਾਨ ਫਾਰੂਕੀ ਦੀ ਅਗਵਾਈ ਹੇਠ ਪ੍ਰੋ. ਅਰਵਿੰਦਰ ਕੌਰ ਮੰਡ ਸਰਕਾਰੀ ਕਾਲਜ ਮਾਲੇਰਕੋਟਲਾ, ਡਾ. ਤੇਜਿੰਦਰ ਸਿੰਘ ਗੌਰਮਿੰਟ ਕਾਲਜ ਅਮਰਗੜ੍ਹ ਅਤੇ ਡਾ. ਅਮਨਦੀਪ ਬਾਤਿਸ਼ ਗੌਰਮਿੰਟ ਕਾਲਜ ਅਮਰਗੜ੍ਹ ’ਤੇ ਆਧਾਰਿਤ ਚਾਰ ਐੱਸ ਆਈ ਟੀ ਗਠਿਤ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਕਲਰਕ-ਕਮ-ਕੈਸ਼ੀਅਰ ਵਜੋਂ ਸੇਵਾ ਕਰਦੇ ਰਹੇ ਖਾਲਸਾ ਕਾਲਜ ਸੰਦੌੜ ਦੇ ਮੁਅੱਤਲ ਦਰਜਾ ਚਾਰ ਕਰਮਚਾਰੀ ਹਾਕਮ ਸਿੰਘ ਨੇ ਚੇਅਰਮੈਨ ਪੰਜਾਬ ਰਾਜ ਐੱਸ ਸੀ ਕਮਿਸ਼ਨ ਅਤੇ ਵੱਖ-ਵੱਖ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਦੋਸ਼ ਲਾਇਆ ਸੀ ਕਿ ਕਾਲਜ ਪ੍ਰਬੰਧਕਾਂ ਵੱਲੋਂ ਐੱਸ ਸੀ ਵਿਦਿਆਰਥੀਆਂ ਕੋਲੋਂ ਦਾਖ਼ਲੇ ਮੌਕੇ ਜਮ੍ਹਾਂ ਕਰਵਾਈ ਫੀਸ ਪੰਜਾਬ ਸਰਕਾਰ ਦੁਆਰਾ ਕਾਲਜ ਨੂੰ ਐੱਸ ਸੀ ਸਕਾਲਰਸ਼ਿਪ ਦੀ ਰਾਸ਼ੀ ਭੇਜਣ ਦੇ ਬਾਵਜੂਦ ਐੱਸ ਸੀ ਵਿਦਿਆਰਥੀਆਂ ਵਾਪਸ ਨਹੀਂ ਕੀਤੀ ਜਾਂਦੀ।

ਸ਼ਿਕਾਇਤਕਰਤਾ ਮੁਤਾਬਕ ਐੱਸ ਸੀ ਵਿਦਿਆਰਥੀਆਂ ਕੋਲੋਂ ਪ੍ਰਾਪਤ ਕੀਤੀਆਂ ਫੀਸਾਂ ਅਤੇ ਸਰਕਾਰ ਵੱਲੋਂ ਭੇਜੀ ਗਈ ਵਜ਼ੀਫਾ ਰਾਸ਼ੀ ਸਬੰਧੀ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਵੀ ਕਾਲਜ ਪ੍ਰਬੰਧਕਾਂ ਨੇ ਮੁਹੱਈਆ ਨਹੀਂ ਕਰਵਾਈ। ਜਾਂਚ ਟੀਮ ਵੱਲੋਂ ਵੱਖ-ਵੱਖ ਸਮੇਂ ’ਤੇ ਕਾਲਜ ਦੇ ਪ੍ਰਿੰਸੀਪਲ, ਸਾਬਕਾ ਪਿੰਸੀਪਲ ਅਤੇ ਪ੍ਰਬੰਧਕਾਂ ਨੂੰ ਸਬੰਧਤ ਰਿਕਾਰਡ ਸਮੇਤ ਤਲਬ ਕੀਤਾ ਗਿਆ ਪ੍ਰੰਤੂ ਉਨ੍ਹਾਂ ਵੱਲੋਂ ਕੁਝ ਕੁ ਦਸਤਾਵੇਜ਼ਾਂ ਤੋਂ ਬਗੈਰ ਹੋਰ ਪੁਖਤਾ ਰਿਕਾਰਡ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਕੀਤਾ ਗਿਆ।

ਸ਼ਿਕਾਇਤਕਰਤਾ ਹਾਕਮ ਸਿੰਘ ਨੇ ਦੱਸਿਆ ਕਿ ਕਾਲਜ ਪ੍ਰਬੰਧਕ ਸਕਾਲਰਸ਼ਿਪ ਰਾਸ਼ੀ ਦਾ ਸਾਰਾ ਭਾਂਡਾ ਸੇਵਾਮੁਕਤ ਪ੍ਰਿੰਸੀਪਲ ਸਿਰ ਭੰਨ੍ਹ ਕੇ ਖੁਦ ਅਣਜਾਣ ਬਣ ਗਏ ਹਨ ਅਤੇ ਬਹਾਨੇ ਬਣਾ ਕੇ ਨਾ ਜਾਂਚ ਟੀਮ ਸਾਹਮਣੇ ਰਿਕਾਰਡ ਪੇਸ਼ ਕਰ ਰਹੇ ਹਨ ਅਤੇ ਨਾ ਹੀ ਸੂਚਨਾ ਅਧਿਕਾਰ ਕਾਨੂੰਨ ਤਹਿਤ ਕੋਈ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਲਜ ਪ੍ਰਬੰਧਕਾਂ ਨੇ 522 ਐੱਸ ਸੀ ਵਿਦਿਆਰਥੀਆਂ ਦੇ ਸਕਾਲਰਸ਼ਿੱਪ ਦੇ ਲੱਖਾਂ ਰੁਪਏ ਕਥਿਤ ਤੌਰ ’ਤੇ ਖੁਰਦ ਬੁਰਦ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਨੇ ਇਸ ਪੜਤਾਲ ਤੋਂ ਹੱਥ ਖੜ੍ਹੇ ਕਰਦਿਆਂ ਇਸ ਮਾਮਲੇ ਦੀ ਜਾਂਚ ਲਈ ਸਕਲਰਸ਼ਿੱਪ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦੀ ਕਮੇਟੀ ਗਠਿਤ ਕਰਨ ਦੀ ਸਿਫਾਰਸ਼ ਕੀਤੀ ਹੈ।

ਕਾਲਜ ਪ੍ਰਬੰਧਕਾਂ ਨੇ ਪੱਲਾ ਝਾੜਿਆ

ਕਾਲਜ ਪ੍ਰਿੰਸੀਪਲ ਬਚਿੱਤਰ ਸਿੰਘ, ਪ੍ਰਧਾਨ ਸਤਵੰਤ ਸਿੰਘ ਅਤੇ ਸਕੱਤਰ ਕਰਮਜੀਤ ਸਿੰਘ ਨਾਲ ਸੰਪਰਕ ਕਰਨ ’ਤੇ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਤਾਂ ਹਾਲੇ ਨਵੇਂ ਨਿਯੁਕਤ ਹੋਏ ਹਨ। ਹਾਲਾਂਕਿ ਉਕਤ ਪ੍ਰਬੰਧਕ ਜਾਂਚ ਟੀਮ ਸਾਹਮਣੇ ਕਾਲਜ ਪ੍ਰਿੰਸੀਪਲ ਅਤੇ ਪ੍ਰਬੰਧਕ ਪੇਸ਼ ਹੁੰਦੇ ਰਹੇ ਹਨ।

ਫਾਈਲ ਦੇਖੇ ਬਗ਼ੈਰ ਟਿੱਪਣੀ ਨਹੀਂ ਕਰ ਸਕਦੇ: ਐੱਸ ਡੀ ਐੱਮ

ਆਰ ਟੀ ਓ ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਜਿਨ੍ਹਾਂ ਕੋਲ ਐੱਸ ਡੀ ਐੱਮ ਅਹਿਮਦਗੜ੍ਹ ਦਾ ਵਾਧੂ ਚਾਰਜ ਵੀ ਹੈ, ਨੇ ਖਾਲਸਾ ਕਾਲਜ ਸੰਦੌੜ ਦੇ ਐੱਸ ਸੀ ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਦੇ ਕਿਸੇ ਵੀ ਮਸਲੇ ਸਬੰਧੀ ਜਾਣਕਾਰੀ ਤੋਂ ਅਣਜਾਣਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਫਾਇਲ ਦੇਖੇ ਬਗੈਰ ਕੋਈ ਟਿੱਪਣੀ ਨਹੀਂ ਕਰ ਸਕਦੇ।

Share: