ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕੇ, ਭਾਰਤ ਮਾਤਾ ਨੂੰ ਵੇਚਿਆ : ਰਾਹੁਲ

ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕੇ, ਭਾਰਤ ਮਾਤਾ ਨੂੰ ਵੇਚਿਆ : ਰਾਹੁਲ

ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਰਕਾਰ ਨੇ ‘ਭਾਰਤ ਮਾਤਾ ਨੂੰ ਵੇਚ’ ਦਿੱਤਾ ਹੈ। ਮੋਦੀ ਸਰਕਾਰ ਨੇ ਭਾਰਤ ਦੀ ਊਰਜਾ ਸੁਰੱਖਿਆ ਅਮਰੀਕਾ ਹੱਥ ਫੜਾ ਦਿੱਤੀ ਹੈ ਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕਰ ਲਿਆ ਹੈ। ਕੇਂਦਰ ਸਰਕਾਰ ਨੇ ਕੁੱਲ ਮਿਲਾ ਕੇ ਅਮਰੀਕਾ ਅੱਗੇ ‘ਗੋਡੇ ਟੇਕ’ ਦਿੱਤੇ ਹਨ ਤੇ ਹੁਣ ਉਹ ਫੈਸਲਾ ਕਰੇਗਾ ਕਿ ‘ਅਸੀਂ ਕਿਸ ਤੋਂ ਤੇਲ ਖਰੀਦਾਂਗੇ।’

ਲੋਕ ਸਭਾ ਵਿੱਚ ਕੇਂਦਰੀ ਬਜਟ ’ਤੇ ਜਾਰੀ ਬਹਿਸ ਵਿਚ ਸ਼ਾਮਲ ਹੁੰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨ ਨਹੀਂ ਆਉਂਦਾ ਕਿ ਨਰਿੰਦਰ ਮੋਦੀ ਸਣੇ ਕੋਈ ਵੀ ਭਾਰਤੀ ਪ੍ਰਧਾਨ ਮੰਤਰੀ ਉਦੋਂ ਤੱਕ ਅਜਿਹੇ ਕਿਸੇ ਕਰਾਰ ਲਈ ਹਾਮੀ ਨਹੀਂ ਭਰ ਸਕਦਾ, ਬਸ਼ਰਤੇ ਕਿਸੇ ਨੇ ਉਸ ਦਾ ‘ਗ਼ਲਾ ਨਾ ਘੁੱਟਿਆ’ ਹੋਵੇ। ਗਾਂਧੀ, ਜਿਨ੍ਹਾਂ ਨੂੰ ਅੱਜ ਕਈ ਦਿਨਾਂ ਬਾਅਦ ਲੋਕ ਸਭਾ ਵਿਚ ਬੋਲਣ ਦਾ ਮੌਕਾ ਮਿਲਿਆ, ਨੇ ਕਿਹਾ, ‘‘ਉਨ੍ਹਾਂ (ਮੋਦੀ) ਭਾਰਤ ਨੂੰ ਕਿਉਂ ਵੇਚਿਆ…ਕਿਉਂਕਿ ਉਨ੍ਹਾਂ(ਅਮਰੀਕਾ) ਨੇ ਉਨ੍ਹਾਂ ਦਾ ਗ਼ਲ ਘੁੱਟ ਰੱਖਿਆ ਸੀ। ਉਨ੍ਹਾਂ ਦੀ ਧੌਣ ਦੱਬੀ ਨੱਪੀ ਸੀ।’’ ਗਾਂਧੀ ਨੇ ਆਪਣੀ ਤਕਰੀਰ ਇਸ ਮਿਸਾਲ ਨਾਲ ਸ਼ੁਰੂ ਕੀਤੀ ਕਿ ਕਿਵੇਂ ਮਾਰਸ਼ਲ ਆਰਟ ਵਿਚ ਪਕੜ ਬਣਾਉਣ ਤੋਂ ਬਾਅਦ ਅਗਲਾ ਕਦਮ ਸਾਹ ਘੁੱਟਣਾ ਤੇ ਫਿਰ ਵਿਰੋਧੀ ਹਾਰ ਮੰਨਣ ਲਈ ਟੈਪ ਕਰਦਾ ਹੈ।

ਕਾਂਗਰਸ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪਿੱਛੇ ਜਿਹੇ ਦਾਅਵਾ ਕੀਤਾ ਸੀ ਕਿ ਜੰਗ ਦਾ ਯੁੱਗ ਖ਼ਤਮ ਹੋ ਗਿਆ ਹੈ। ਗਾਂਧੀ ਨੇ ਕਿਹਾ, ‘‘ਅਸਲ ਵਿਚ ਅਸੀਂ ਜੰਗ ਦੇ ਯੁੱਗ ਵਿੱਚ ਦਾਖ਼ਲ ਹੋ ਰਹੇ ਹਾਂ। ਯੂਕਰੇਨ ਵਿੱਚ, ਗਾਜ਼ਾ ਵਿਚ, ਮੱਧ ਪੂਰਬ ਵਿਚ ਜੰਗ ਜਾਰੀ ਹੈ, ਇਰਾਨ ’ਤੇ ਜੰਗ ਦਾ ਖ਼ਤਰਾ ਮੰਡਰਾ ਰਿਹਾ ਹੈ, ਅਸੀਂ ਅਪਰੇਸ਼ਨ ਸਿੰਧੂਰ ਨੂੰ ਅੰਜਾਮ ਦੇ ਚੁੱਕੇ ਹਾਂ। ਅਸੀਂ ਖ਼ਤਰਨਾਕ ਦੁਨੀਆ ਵਿਚ ਦਾਖ਼ਲ ਹੋ ਰਹੇ ਹਾਂ। ਸਾਨੂੰ ਆਪਣੀ ਤਾਕਤ ਨੂੰ ਸਮਝਣਾ ਪਵੇਗਾ ਅਤੇ ਸਾਡੇ ਦੇਸ਼ ਦੀ ਕੇਂਦਰੀ ਤਾਕਤ ਸਾਡੇ ਲੋਕ ਹਨ।’’ ਗਾਂਧੀ ਨੇ ਦੇਸ਼ ਦੇ ਲੋਕਾਂ, ਡੇਟਾ, ਖੁਰਾਕ ਸਪਲਾਈ ਤੇ ਊਰਜਾ ਸਿਸਟਮ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ‘ਇੰਡੀਆ’ ਗੱਠਜੋੜ ਦੀ ਸਰਕਾਰ ਨੇ ਅਮਰੀਕਾ ਨਾਲ ਵਪਾਰ ਸਮਝੌਤੇ ਬਾਰੇ ਗੱਲਬਾਤ ਕੀਤੀ ਹੁੰਦੀ, ਤਾਂ ਉਹ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਹਿੰਦੇ ਕਿ ਉਨ੍ਹਾਂ ਨੂੰ ਭਾਰਤ ਨਾਲ ਬਰਾਬਰ ਦਾ ਵਿਵਹਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਸੱਤਾਧਾਰੀ ਧਿਰ ਦੇ ਸੰਸਦ ਮੈਂਬਰ ਉੱਠ ਕੇ ਰਾਹੁਲ ਗਾਂਧੀ ਨੂੰ ਵਾਰ ਵਾਰ ਟੋਕਦੇ ਰਹੇ ਤੇ ਉਨ੍ਹਾਂ ਵੱਲੋਂ ਕੀਤੇ ਦਾਅਵਿਆਂ ਨੂੰ ‘ਬੇਬੁਨਿਆਦ’ ਦੱਸਿਆ ਤੇ ਸਾਬਤ ਕਰਨ ਦੀ ਚੁਣੌਤੀ ਦਿੱਤੀ।

ਬਿਰਲਾ ਵੱਲੋਂ ਬੇਭਰੋਸਗੀ ਮਤੇ ਵਿਚਲੀਆਂ ਕਮੀਆਂ ਦੂਰ ਕਰਨ ਦੀ ਹਦਾਇਤ

ਨਵੀਂ ਦਿੱਲੀ: ਵਿਰੋਧੀ ਧਿਰਾਂ ਵੱਲੋਂ ਸਪੀਕਰ ਓਮ ਬਿਰਲਾ ਨੂੰ ਹਟਾਉਣ ਲਈ ਲਿਆਂਦੇ ਬੇਭਰੋੋਸਗੀ ਮਤੇ ਨੂੰ ਇਸ ਦੇ ਖਰੜੇ ਵਿਚਲੀਆਂ ਊਣਤਾਈਆਂ ਕਰਕੇ ਰੱਦ ਕੀਤਾ ਜਾ ਸਕਦਾ ਹੈ। ਸੰਸਦੀ ਸੂਤਰਾਂ ਨੇ ਕਿਹਾ ਕਿ ਬਿਰਲਾ ਨੇ ਲੋਕ ਸਭਾ ਸਕੱਤਰੇਤ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਤਾਂ ਕਿ ਇਸ ਮਤੇ ਛੇਤੀ ਸਦਨ ਵਿਚ ਸੂਚੀਬੱਧ ਕੀਤਾ ਜਾ ਸਕੇ। ਵਿਰੋਧੀ ਧਿਰਾਂ ਦੇ 118 ਸੰਸਦ ਮੈਂਬਰਾਂ ਦੀ ਸਹੀ ਵਾਲਾ ਇਹ ਮਤਾ ਮੰਗਲਵਾਰ ਦੁਪਹਿਰੇ ਲੋਕ ਸਭਾ ਦੇ ਸਕੱਤਰ ਜਨਰਲ ਉਤਪਲ ਕੁਮਾਰ ਸਿੰਘ ਕੋਲ ਜਮ੍ਹਾਂ ਕੀਤਾ ਗਿਆ ਸੀ। ਮਗਰੋਂ ਉਸੇ ਦਿਨ ਵਿਰੋਧੀ ਧਿਰਾਂ ਨੇ ਮਤਾ ਵਾਪਸ ਲੈ ਲਿਆ ਤੇ ਤਰੀਕ ਵਿਚ ਸੋਧ ਕਰਕੇ ਇਸ ਦੀ ਥਾਂ ਨਵਾਂ ਮਤਾ ਦਾਖਲ ਕੀਤਾ।

ਸੂਤਰਾਂ ਨੇ ਕਿਹਾ, ‘‘ਮਤੇ ਵਿਚ ਫਰਵਰੀ 2025 ਦੀਆਂ ਘਟਨਾਵਾਂ ਦਾ ਚਾਰ ਵਾਰ ਜ਼ਿਕਰ ਕੀਤਾ ਗਿਆ ਗਿਆ ਹੈ, ਜਿਸ ਦੇ ਅਧਾਰ ’ਤੇ ਨੇਮਾਂ ਮੁਤਾਬਕ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ।’’ ਸਪੀਕਰ ਨੇ ਲੋਕ ਸਭਾ ਸਕੱਤਰੇਤ ਨੂੰ ਹਦਾਇਤ ਕੀਤੀ ਕਿ ਉਹ ਨੁਕਸਦਾਰ ਨੋਟਿਸ ਨੂੰ ਦਰੁਸਤ ਕਰਨ ਤੇ ਮਗਰੋਂ ਇਸ ’ਤੇ ਕਾਰਵਾਈ ਕਰਨ।’’ ਅਧਿਕਾਰੀ ਨੇ ਕਿਹਾ, ‘‘ਬਿਰਲਾ ਨੇ ਨੇਮਾਂ ਮੁਤਾਬਕ ਕਾਰਵਾਈ ਦੇ ਹੁਕਮ ਦਿੱਤੇ ਹਨ।’’ ਸੂਤਰਾਂ ਨੇ ਕਿਹਾ ਕਿ ਸੋਧਿਆ ਹੋਇਆ ਨੋਟਿਸ ਮਿਲਣ ਮਗਰੋਂ ਨੇਮਾਂ ਮੁਤਾਬਕ ਤੇਜ਼ੀ ਨਾਲ ਇਸ ’ਤੇ ਨਜ਼ਰਸਾਨੀ ਕੀਤੀ ਜਾਵੇਗੀ।’’ ਵਿਰੋਧੀ ਧਿਰਾਂ ਨੇ ਓਮ ਬਿਰਲਾ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕਰਦਿਆਂ ਮੰਗਲਵਾਰ ਨੂੰ ਲੋਕ ਸਭਾ ਵਿਚ ਸਪੀਕਰ ਖਿਲਾਫ਼ ਬੇਭਰੋਸਗੀ ਮਤਾ ਲਿਆਂਦਾ ਸੀ। ਵਿਰੋਧੀ ਧਿਰਾਂ ਨੇ ਬਿਰਲਾ ’ਤੇ ‘ਪੱਖਪਾਤੀ ਰਵੱਈਆ’ ਅਖ਼ਤਿਆਰ ਕਰਨ ਦਾ ਦੋਸ਼ ਲਾਇਆ ਹੈ।

ਮੋਦੀ ਨੇ ਨਹੀਂ, ਕਾਂਗਰਸ ਨੇ ਦੇਸ਼ ਵੇਚਿਆ: ਸੀਤਾਰਾਮਨ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਹੀਂ, ਬਲਕਿ ਕਾਂਗਰਸ ਨੇ ਵੇਚਿਆ ਹੈ। ਰਾਹੁਲ ਗਾਂਧੀ ’ਤੇ ਪਲਟਵਾਰ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਨੇ ਡਬਲਿਊ ਟੀ ਓ ਸਣੇ ਕੌਮਾਂਤਰੀ ਸੰਸਥਾਵਾਂ ਅੱਗੇ ਭਾਰਤੀ ਹਿੱਤਾਂ ਨੂੰ ਲੈ ਕੇ ਗੋਡੇ ਟੇਕੇ ਅਤੇ ਗਰੀਬਾਂ ਤੇ ਕਿਸਾਨਾਂ ਦੇ ਹਿੱਤਾਂ ਨੂੰ ਹੀ ਨਹੀਂ ਬਲਕਿ ਦੇਸ਼ ਨੂੰ ਵੀ ‘ਵੇਚ’ ਦਿੱਤਾ। ਕੇਂਦਰੀ ਮੰਤਰੀ ਨੇ ਸ਼ਰਮ ਅਲ-ਸ਼ੇਖ ਸਾਂਝੇ ਐਲਾਨਨਾਮੇ ਦੇ ਹਵਾਲੇ ਨਾਲ ਪਿਛਲੀ (ਯੂ ਪੀ ਏ) ਸਰਕਾਰ ’ਤੇ ਪਾਕਿਸਤਾਨ ਨਾਲ ਆਪਣੀ ਗੱਲਬਾਤ ਵਿੱਚ ਪ੍ਰਭੂਸੱਤਾ ਅਤੇ ਸੁਰੱਖਿਆ ਬਾਰੇ ਭਾਰਤ ਦੀ ਸਥਿਤੀ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸ਼ਰਮ-ਅਲ-ਸ਼ੇਖ ਵਿਚ ਪਾਕਿਸਤਾਨ ਨਾਲ  ਗੱਲਬਾਤ ਦੀ ਇੱਛਾ ਰੱਖਣ ਵਾਲੇ ਸਾਨੂੰ ਹੁਣ ਗੱਲਬਾਤ ਬਾਰੇ ਸੁਝਾਅ ਦੇ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਸਰਕਾਰ ਨੇ ਅਗਲੇ ਵਿੱਤੀ ਸਾਲ ਲਈ ਖਰਚੇ ਵਜੋਂ ਕੁੱਲ 53.47 ਲੱਖ ਕਰੋੜ ਰੁਪਏ ਦਾ ਬਜਟ ਅਨੁਮਾਨ ਰੱਖਿਆ ਹੈ, ਜੋ 31 ਮਾਰਚ ਨੂੰ ਖਤਮ ਹੋਣ ਵਾਲੇ ਮੌਜੂਦਾ ਵਿੱਤੀ ਸਾਲ ਨਾਲੋਂ 7.7 ਫੀਸਦ ਵੱਧ ਹੈ। ਸੋਧੇ ਅਨੁਮਾਨਾਂ ਮੁਤਾਬਕ ਮੌਜੂਦਾ ਵਿੱਤੀ ਸਾਲ ਲਈ ਬਜਟ 49.64 ਲੱਖ ਕਰੋੜ ਹੈ, ਜੋ ਫਰਵਰੀ 2025 ਵਿਚ ਅਨੁਮਾਨਤ 50.65 ਲੱਖ ਕਰੋੜ ਰੁਪਏ ਨਾਲੋਂ ਘੱਟ ਹੈ। ਸੀਤਾਰਾਮਨ ਨੇ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਗਲੇ ਵਿੱਤੀ ਸਾਲ ਵਿਚ ਕੁੱਲ ਖਰਚਾ 53.47 ਲੱਖ ਕਰੋੜ ਰਹਿਣ ਦਾ ਅਨੁਮਾਨ ਹੈ, ਜੋ ਟੈਕਸ ਤੋਂ ਹੋਣ ਵਾਲੀ ਕਮਾਈ ਤੋਂ ਕਿਤੇ ਵੱਧ ਹੈ।

Share: