ਚੰਡੀਗੜ੍ਹ: ਸੂਬੇ ਵਿੱਚ “ਵਿਗੜ ਰਹੀ” ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਵੱਲੋਂ ਕੀਤੀ ਗਈ ਆਲੋਚਨਾ ਵਿਚਾਲੇ, ਡੀਜੀਪੀ ਗੌ ਰਵ ਯਾਦਵ ਨੇ ਅੱਜ ਤੋਂ ਗੈਂਗਸਟਰਾਂ ਵਿਰੁੱਧ 72 ਘੰਟੇ ਦੇ “ਅਪਰੇਸ਼ਨ ਪ੍ਰਹਾਰ 2.0” ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਪਹਿਲੇ ਪੜਾਅ ਬਾਰੇ ਦੱਸਿਆ ਕਿ 20 ਜਨਵਰੀ ਤੋਂ ਹੁਣ ਤੱਕ 5,000 ਤੋਂ ਵੱਧ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੂਜੇ ਪੜਾਅ ਦੇ ਤਹਿਤ ਲਗਭਗ 12,000 ਕਰਮਚਾਰੀ ਜਿਨ੍ਹਾਂ ਵਿੱਚ 2,000 ਟੀਮਾਂ ਸ਼ਾਮਲ ਹਨ, ਤਾਇਨਾਤ ਕੀਤੇ ਜਾਣਗੇ। ਇਹ ਕਾਰਵਾਈ 28 ਜਨਵਰੀ ਨੂੰ ਮੁਹਾਲੀ ਅਦਾਲਤ ਦੇ ਬਾਹਰ ਗੋਲਡੀ ਬਰਾੜ ਗੈਂਗ ਦੇ ਇੱਕ ਕਥਿਤ ਸ਼ੂਟਰ ਦੇ ਕਤਲ ਅਤੇ 6 ਫਰਵਰੀ ਨੂੰ ਜਲੰਧਰ ਵਿੱਚ ‘ਆਪ’ ਆਗੂ ਲੱਕੀ ਓਬਰਾਏ ਦੇ ਕਤਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ’ਚ ਸੀਮਾ ਸੁਰੱਖਿਆ ਬਲ (BSF) ਦੇ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਦਾਅਵਾ ਕੀਤਾ ਸੀ ਕਿ ਅਪਰਾਧੀ “ਕਾਨੂੰਨ ਦੇ ਡਰ ਤੋਂ ਬਿਨਾਂ” ਵਾਰਦਾਤਾਂ ਕਰ ਰਹੇ ਹਨ। ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਸੂਬੇ ਵਿੱਚ “ਵਿਗੜੀ ਕਾਨੂੰਨ ਵਿਵਸਥਾ ” ਦਾ ਮੁੱਦਾ ਚੁੱਕਿਆ ਸੀ।
ਡੀਜੀਪੀ ਨੇ ਕਿਹਾ ਪੰਜਾਬ ਪੁਲੀਸ ਨੇ ਵੱਖ-ਵੱਖ ਦੇਸ਼ਾਂ ਤੋਂ ਕੰਮ ਕਰ ਰਹੇ 38 ਗੈਂਗਸਟਰਾਂ ਨੂੰ ਹਵਾਲਗੀ ਦੇਸ਼ ਨਿਕਾਲੇ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ, “ਅਸੀਂ ਨਿਰਧਾਰਤ ਪ੍ਰਕਿਰਿਆ ਤਹਿਤ ਕੇਂਦਰ ਰਾਹੀਂ ਕਾਰਵਾਈ ਦੀ ਮੰਗ ਕੀਤੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਹ 38 ਗੈਂਗਸਟਰ ਉਨ੍ਹਾਂ 61 ਲੋਕਾਂ ਦੀ ਸੂਚੀ ਦਾ ਹਿੱਸਾ ਹਨ ਜੋ ਵਿਦੇਸ਼ੀ ਧਰਤੀ ਤੋਂ ਪੰਜਾਬ ਵਿੱਚ ਅਪਰਾਧ ਕਰ ਰਹੇ ਹਨ। ਪੁਲੀਸ ਬਾਕੀਆਂ ਖਿਲਾਫ ਵੀ ਕਾਰਵਾਈ ਕਰਨ ਦੀ ਪ੍ਰਕਿਰਿਆ ਵਿੱਚ ਹੈ।
ਸੀਨੀਅਰ ਪੁਲੀਸ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲੀਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਡੀਜੀਪੀ ਨੇ ਕਿਹਾ, “ਅਸੀਂ ਦੇਸ਼ ਦੇ ਕਿਸੇ ਵੀ ਕੋਨੇ ਤੋਂ ਲੋੜੀਂਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਾਂਗੇ।”
ਅਪਰੇਸ਼ਨ ਦੇ ਪਹਿਲੇ ਪੜਾਅ ਨੂੰ ‘ਗੈਂਗਸਟਰ ਤੇ ਵਾਰ’ ਦਾ ਨਾਮ ਦਿੱਤਾ ਗਿਆ ਸੀ। ਇਸ ਬਾਰੇ ਡੀਜੀਪੀ ਯਾਦਵ ਨੇ ਦੱਸਿਆ ਕਿ ਸੂਬੇ ਭਰ ਵਿੱਚ 17,603 ਛਾਪੇਮਾਰੀ ਦੌਰਾਨ ਗੈਂਗਸਟਰਾਂ ਅਤੇ ਅਪਰਾਧੀਆਂ ਸਮੇਤ 5,290 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 128 ਹਥਿਆਰ ਬਰਾਮਦ ਕੀਤੇ ਗਏ।
ਉਨ੍ਹਾਂ ਕਿਹਾ ਕਿ 2,973 ਵਿਅਕਤੀਆਂ ਵਿਰੁੱਧ ਰੋਕਥਾਮ ਵਾਲੀ (Preventive) ਕਾਰਵਾਈ ਸ਼ੁਰੂ ਕੀਤੀ ਗਈ ਸੀ, ਜਦੋਂ ਕਿ 5,413 ਵਿਅਕਤੀਆਂ ਦੀ ਤਸਦੀਕ ਕੀਤੀ ਗਈ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 344 ਭਗੌੜੇ (POs) ਵੀ ਗ੍ਰਿਫਤਾਰ ਕੀਤੇ ਗਏ ਹਨ। ਡੀਜੀਪੀ ਨੇ ਕਿਹਾ, “ਪੁਲੀਸ ਨੇ ਸਿਰਫ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਹੈ ਜੋ ਗੈਂਗਸਟਰਾਂ ਨਾਲ ਅਪਰਾਧ ਵਿੱਚ ਸ਼ਾਮਲ ਪਾਏ ਗਏ ਹਨ। ਸੋਸ਼ਲ ਮੀਡੀਆ ਪੋਸਟਾਂ ਵਿੱਚ ਪੁਲੀਸ ‘ਤੇ ਨਾਜਾਇਜ਼ ਗ੍ਰਿਫ਼ਤਾਰੀਆਂ ਦੇ ਲਾਏ ਜਾ ਰਹੇ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ।”
ਪੁਲੀਸ ਨੇ ਡਰ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਲਗਪਗ 10,000 ਸੋਸ਼ਲ ਮੀਡੀਆ URLs ਵਿਰੁੱਧ ਵੀ ਕਾਰਵਾਈ ਕੀਤੀ ਹੈ। ਡੀਜੀਪੀ ਨੇ ਦੱਸਿਆ ਕਿ ਲਗਭਗ 350 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 3,500 ਅਸਲ੍ਹਾ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਜਦੋਂ ਕਿ ਹੋਰ 3,500 ਅਸਲਾ ਲਾਇਸੈਂਸਾਂ ਵਿਰੁੱਧ ਕਾਰਵਾਈ ਲੰਬਿਤ ਹੈ।
ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੁਲੀਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖੁੱਲ੍ਹੇਆਮ ਧਮਕੀਆਂ ਦੇਣ ‘ਤੇ ਡੀਜੀਪੀ ਨੇ ਕਿਹਾ: “ਹਰ ਅਪਰਾਧੀ ਨਾਲ ਅਪਰਾਧੀ ਵਾਂਗ ਹੀ ਸਲੂਕ ਕੀਤਾ ਜਾਵੇਗਾ। ਕੋਈ ਵੀ ਮਹਿਮਾ (Glorified) ਨਹੀਂ ਕਰ ਸਕਦਾ। ਅਸੀਂ ਲੱਕੀ ਓਬਰਾਏ ਦੇ ਕਤਲ ਪਿੱਛੇ ਮੁੱਖ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ।”
ਡੀਜੀਪੀ ਨੇ ਕਿਹਾ ਕਿ ਪਿਛਲੇ ਸਾਲ ਤੋਂ ਸੂਬੇ ਵਿੱਚ ਗੋਲੀਬਾਰੀ ਦੀਆਂ 92 ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋਂ 84 ਨੂੰ ਸੁਲਝਾ ਲਿਆ ਗਿਆ ਹੈ। “ਯੁੱਧ ਨਸ਼ਿਆਂ ਵਿਰੁੱਧ” ਬਾਰੇ ਡੀਜੀਪੀ ਨੇ ਕਿਹਾ ਕਿ ਪਿਛਲੇ ਸਾਲ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਬਾਅਦ 45,000 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਇਸ ਵਿੱਚ 65 ਹਵਾਲਾ ਆਪਰੇਟਰ ਅਤੇ 3,000 ਵੱਡੀਆਂ ਮੱਛੀਆਂ ਸ਼ਾਮਲ ਹਨ। ਹੁਣ ਤੱਕ ਹੈਰੋਇਨ ਦੀ ਬਰਾਮਦਗੀ 2,150 ਕਿਲੋਗ੍ਰਾਮ ਰਹੀ ਹੈ।”

