ਇਤਿਹਾਸ ਸਿਰਜਣ ਤੋਂ ਖੁੰਝਿਆ ਨੇਪਾਲ

ਇਤਿਹਾਸ ਸਿਰਜਣ ਤੋਂ ਖੁੰਝਿਆ ਨੇਪਾਲ

ਮੁੰਬਈ: ਦੋ ਵਾਰ ਦੀ ਚੈਂਪੀਅਨ ਇੰਗਲੈਂਡ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਸੀ’ ਮੈਚ ਵਿੱਚ ਨੇਪਾਲ ਖ਼ਿਲਾਫ਼ ਉਲਟਫੇਰ ਤੋਂ ਬਚਦਿਆਂ ਅੱਜ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਚਾਰ ਦੌੜਾਂ ਨਾਲ ਜਿੱਤ ਦਰਜ ਕੀਤੀ। ਨੇਪਾਲ ਇਤਿਹਾਸ ਬਣਾਉਣ ਦੇ ਨਜ਼ਦੀਕ ਪਹੁੰਚ ਗਿਆ ਸੀ ਕਿਉਂਕਿ ਉਸ ਨੇ ਇਸ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਟੀਮਾਂ ਵਿੱਚੋਂ ਇੱਕ ਨੂੰ ਲਗਪਗ ਹਰਾ ਹੀ ਦਿੱਤਾ ਸੀ।

ਇੰਗਲੈਂਡ ਦੀਆਂ ਸੱਤ ਵਿਕਟਾਂ ’ਤੇ 184 ਦੌੜਾਂ ਦੇ ਜਵਾਬ ਵਿੱਚ ਨੇਪਾਲ ਨੇ 180/6 ਦੌੜਾਂ ਬਣਾਈਆਂ। ਲੋਕੇਸ਼ ਬਾਮ (20 ਗੇਂਦਾਂ ’ਤੇ ਨਾਬਾਦ 39 ਦੌੜਾਂ) ਨੇ ਨੇਪਾਲ ਨੂੰ ਉਲਟਫੇਰ ਵਾਲੀ ਜਿੱਤ ਦੀ ਦੌੜ ਵਿੱਚ ਕਾਇਮ ਰੱਖਿਆ, ਪਰ ਸ਼ਾਨਦਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਖ਼ਰੀ ਓਵਰ ਵਿੱਚ ਖੇਡ ਖ਼ਤਮ ਨਹੀਂ ਕਰ ਸਕਿਆ। ਸੈਮ ਕਰਨ ਨੇ ਲਗਾਤਾਰ ਯਾਰਕਰ ਸੁੱਟੀ, ਜਿਸ ਕਾਰਨ ਨੇਪਾਲ ਦੀ ਟੀਮ ਸਿਰਫ਼ ਪੰਜ ਦੌੜਾਂ ਹੀ ਬਣਾ ਸਕੀ। ਕਪਤਾਨ ਰੋਹਿਤ ਪੌਡੇਲ (39 ਦੌੜਾਂ), ਦੀਪੇਂਦਰ ਸਿੰਘ ਐਰੀ (44 ਦੌੜਾਂ), ਕੁਸ਼ਲ ਭੁਰਟੇਲ (29 ਦੌੜਾਂ) ਨੇ ਵੀ ਸ਼ਾਨਦਾਰ ਖੇਡ ਦਿਖਾਈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਕਪਤਾਨ ਹੈਰੀ ਬਰੁੱਕ (53 ਦੌੜਾਂ) ਅਤੇ ਜੈਕਬ ਬੈਥੇਲ (55 ਦੌੜਾਂ) ਦੀਆਂ ਅਰਧ ਸੈਂਕੜਾ ਪਾਰੀਆਂ ਦੀ ਬਦੌਲਤ ਸੱਤ ਵਿਕਟਾਂ ’ਤੇ 184 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।

Share: