ਵਾਸ਼ਿੰਗਟਨ ਪੋਸਟ ਦੇ ਪ੍ਰਕਾਸ਼ਕ ਵਿੱਲ ਲੁਈ ਦਾ ਅਸਤੀਫਾ

ਵਾਸ਼ਿੰਗਟਨ ਪੋਸਟ ਦੇ ਪ੍ਰਕਾਸ਼ਕ ਵਿੱਲ ਲੁਈ ਦਾ ਅਸਤੀਫਾ

ਵਾਸ਼ਿੰਗਟਨ: ਵਾਸ਼ਿੰਗਟਨ ਪੋਸਟ ਦੇ ਪ੍ਰਕਾਸ਼ਕ ਵਿੱਲ ਲੁਈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਐਲਾਨ ਅਖ਼ਬਾਰ ਵੱਲੋਂ ਇੱਕ-ਤਿਹਾਈ ਕਰਮਚਾਰੀਆਂ ਦੀ ਛਾਂਟੀ ਦੇ ਐਲਾਨ ਤੋਂ ਤਿੰਨ ਦਿਨ ਬਾਅਦ ਕੀਤਾ ਗਿਆ ਹੈ। ਸ੍ਰੀ ਲੁਈ ਨੇ ਪੋਸਟ ਦੇ ਕਰਮਚਾਰੀਆਂ ਨੂੰ ਈਮੇਲ ਭੇਜੀ ਜਿਸ ’ਚ ਉਨ੍ਹਾਂ ਕਿਹਾ ਕਿ ‘ਪੋਸਟ ਦਾ ਸਥਾਈ ਭਵਿੱਖ ਯਕੀਨੀ ਬਣਾਉਣ ਲਈ ਸਖ਼ਤ ਫ਼ੈਸਲੇ ਕੀਤੇ ਗਏ ਹਨ।’ ਸ੍ਰੀ ਲੁਈ ਅਤੇ ਅਖ਼ਬਾਰ ਦੇ ਅਰਬਪਤੀ ਮਾਲਿਕ ਜੈੱਫ ਬੈਜ਼ੋਸ ਨੇ ਇਸ ਹਫ਼ਤੇ ਛਾਂਟੀ ਦਾ ਐਲਾਨ ਕਰਨ ਲਈ ਕਰਮਚਾਰੀਆਂ ਨਾਲ ਹੋਈ ਮੀਟਿੰਗ ’ਚ ਹਿੱਸਾ ਨਹੀਂ ਲਿਆ। ਪੋਸਟ ਦੇ ਮੁੱਖ ਵਿੱਤੀ ਅਧਿਕਾਰੀ ਜੈੱਫ ਡੀ’ਓਨੋਫ੍ਰੀਓ ਨੂੰ ਕਾਰਜਕਾਰੀ ਪ੍ਰਕਾਸ਼ਕ ਤੇ ਸੀ ਈ ਓ ਨਿਯੁਕਤ ਕੀਤਾ ਗਿਆ ਹੈ। ਬਰਤਾਨਵੀ ਮੂਲ ਦੇ ਸ੍ਰੀ ਲੁਈ ਜਨਵਰੀ 2024 ’ਚ ਪੋਸਟ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ‘ਦਿ ਵਾਲ ਸਟ੍ਰੀਟ ਜਨਰਲ’ ’ਚ ਸਿਖਰਲੇ ਅਧਿਕਾਰੀ ਸਨ। ਰਾਸ਼ਟਰਪਤੀ ਚੋਣ ਮੁਹਿੰਮ ਦੇ ਅਖੀਰ ’ਚ ਬੈਜ਼ੋਸ ਵੱਲੋਂ ਕਮਲਾ ਹੈਰਿਸ ਤੋਂ ਹਮਾਇਤ ਵਾਪਸ ਲੈਣ ਦੇ ਹੁਕਮ ਅਤੇ ਸੰਪਾਦਕੀ ਪੰਨਿਆਂ ਨੂੰ ਵਧੇਰੇ ਰੂੜੀਵਾਦੀ ਦਿਸ਼ਾ ’ਚ ਮੋੜਨ ਤੋਂ ਬਾਅਦ ਪੋਸਟ ਤੋਂ ਹਜ਼ਾਰਾਂ ਪਾਠਕਾਂ ਨੇ ਮੂੰਹ ਮੋੜ ਲਿਆ ਸੀ।

Share: