ਬਠਿੰਡਾ: ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਲਈ ਪਿੰਡ ਭੁੱਚੋ ਖੁਰਦ ਵਿਖੇ ਹੋਣ ਵਾਲੇ ਇਕੱਠ ਤੋਂ ਪਹਿਲਾਂ ਅੱਜ ਤੜਕੇ ਸੂਬੇ ਭਰ ਵਿੱਚ ਬੀਕੇਯੂ (ਏਕਤਾ ਉਗਰਾਹਾਂ) ਦੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਯੂਨੀਅਨ ਦੇ ਕਾਰਕੁਨਾਂ ਨੇ ਦਾਅਵਾ ਕੀਤਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਰਿਹਾਇਸ਼ ‘ਤੇ ਵੀ ਛਾਪੇਮਾਰੀ ਕੀਤੀ ਗਈ, ਪਰ ਦੱਸਿਆ ਜਾ ਰਿਹਾ ਹੈ ਕਿ ਉਹ ਉੱਥੇ ਮੌਜੂਦ ਨਹੀਂ ਸਨ।
ਇਨ੍ਹਾਂ ਗ੍ਰਿਫਤਾਰੀਆਂ ਦੀ ਨਿਖੇਧੀ ਕਰਦਿਆਂ ਬੀਕੇਯੂ ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨਾਲ ਗੱਲਬਾਤ ਜਾਰੀ ਹੋਣ ਦੇ ਬਾਵਜੂਦ ਸਰਕਾਰ ਨੇ ਜਬਰਦਸਤੀ ਕਾਰਵਾਈ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਜੇਠੂਕੇ ਨੇ ਕਿਹਾ, “ਸਾਨੂੰ ਅਜੇ ਤੱਕ ਹਿਰਾਸਤ ਵਿੱਚ ਲਏ ਗਏ ਸਾਰੇ ਵਿਅਕਤੀਆਂ ਦੇ ਨਾਮ ਨਹੀਂ ਮਿਲੇ ਹਨ, ਪਰ ਅਸੀਂ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਾਂਗੇ।” ਇਹ ਪ੍ਰਦਰਸ਼ਨ ਬੀਕੇਯੂ ਏਕਤਾ ਉਗਰਾਹਾਂ ਦੇ ਦੋ ਆਗੂਆਂ – ਬਲਦੇਵ ਸਿੰਘ ਚੌਕੇ ਅਤੇ ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਲਈ ਰੱਖਿਆ ਗਿਆ ਸੀ, ਜੋ ਪਿਛਲੇ ਸਾਲ 5 ਅਪਰੈਲ ਤੋਂ ਬਠਿੰਡਾ ਜੇਲ੍ਹ ਵਿੱਚ ਬੰਦ ਹਨ। ਯੂਨੀਅਨ ਦਾ ਦਾਅਵਾ ਹੈ ਕਿ ਇਨ੍ਹਾਂ ਦੋਵਾਂ ਨੂੰ ਪਿੰਡ ਚਾਉਕੇ ਦੇ ਇੱਕ ਸਕੂਲ ਵਿੱਚ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦਾ ਸਮਰਥਨ ਕਰਨ ਅਤੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਬਚਾਉਣ ਦੇ ਸੰਘਰਸ਼ ਵਿੱਚ ਪਿੰਡ ਜਿਉਂਦ ਦੇ ਵਸਨੀਕਾਂ ਦਾ ਸਾਥ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।
ਯੂਨੀਅਨ ਅਨੁਸਾਰ, ਚੰਡੀਗੜ੍ਹ ਦੇ ਇੱਕ ਸੀਨੀਅਰ ਅਧਿਕਾਰੀ ਦੇ ਕਹਿਣ ‘ਤੇ ਮੰਗਲਵਾਰ ਦੇਰ ਰਾਤ ਇੱਕ ਮੀਟਿੰਗ ਬੁਲਾਈ ਗਈ ਸੀ, ਜਿਸ ਨੇ ਭਰੋਸਾ ਦਿੱਤਾ ਸੀ ਕਿ ਇਹ ਮਸਲਾ ਕੁਝ ਦਿਨਾਂ ਵਿੱਚ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਭਰੋਸੇ ਤੋਂ ਬਾਅਦ ਵੀਰਵਾਰ ਨੂੰ ਬਠਿੰਡਾ ਪ੍ਰਸ਼ਾਸਨ ਅਤੇ ਕੁਝ ਕਿਸਾਨ ਆਗੂਆਂ ਵਿਚਕਾਰ ਮੀਟਿੰਗ ਹੋਈ ਸੀ।
ਉਧਰ ਬਠਿੰਡਾ ਦੇ ਡੀਸੀ ਦਫ਼ਤਰ ਦਾ ਘਿਰਾਓ ਕਰਨ ਦੇ ਐਲਾਨ ਮਗਰੋਂ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਬੀਤੇ ਦਿਨ ਕਿਸਾਨ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਚ ਕੋਈ ਵੀ ਸਿੱਟਾ ਨਾ ਨਿਕਲਣ ਕਾਰਨ ਗੱਲਬਾਤ ਨੇਪਰੇ ਨਹੀਂ ਚੜ੍ਹ ਸਕੀ ਸੀ। ਧਰਨੇ ਦੇ ਐਲਾਨ ਮਗਰੋਂ ਪੁਲੀਸ ਵੱਲੋਂ ਕਿਸਾਨ ਆਗੂਆਂ ਨੂੰ ਮਨਾਉਣ ਦੇ ਨਾਲੋ ਨਾਲ਼ ਫੜਨ ਲਈ ਛਾਪੇਮਾਰੀ ਜਾਰੀ ਹੈ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਲੇ-ਦੁਆਲੇ ਭਾਰੀ ਪੁਲੀਸ ਫੋਰਸ ਤਾਇਨਾਤ ਕਰਕੇ ਪੱਕੀ ਨਾਕਾਬੰਦੀ ਕਰ ਦਿੱਤੀ ਗਈ ਹੈ।

