ਨਵੀਂ ਦਿੱਲੀ: ਬਾਹਰੀ ਸੰਚਾਲਨ ਅੜਿੱਕਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਇੰਡੀਗੋ ਏਅਰਲਾਈਨ 17 ਫਰਵਰੀ ਤੋਂ ਕੋਪਨਹੇਗਨ ਲਈ ਸੇਵਾਵਾਂ ਮੁਅੱਤਲ ਕਰਨ ਸਮੇਤ, ਲੀਜ਼ ’ਤੇ ਲਏ ਡਰੀਮਲਾਈਨਰਾਂ ਨਾਲ ਚੱਲਣ ਵਾਲੀਆਂ ਆਪਣੀਆਂ ਲੰਮੀ ਦੂਰੀ ਦੀਆਂ ਉਡਾਣਾਂ ਨੂੰ ਤਰਤੀਬ ਦੇਵੇਗੀ। ਇਰਾਨ ਦੇ ਹਵਾਈ ਖੇਤਰ ਬਾਰੇ ਬਣੀ ਬੇਯਕੀਨੀ ਅਤੇ ਹਵਾਈ ਅੱਡਿਆਂ ’ਤੇ ਭੀੜ-ਭੜੱਕੇ ਕਾਰਨ ਇੰਡੀਗੋ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦਿੱਲੀ-ਲੰਡਨ ਹੀਥਰੋ ਅਤੇ ਦਿੱਲੀ-ਮਾਨਚੈਸਟਰ ਰੂਟਾਂ ’ਤੇ ਉਡਾਣਾਂ ਵਿਚ ਕਟੌਤੀ ਕਰੇਗਾ।
ਏਅਰਲਾਈਨ ਨੇ ਬਿਆਨ ਵਿਚ ਕਿਹਾ ਕਿ ਉਡਾਣਾਂ ਦੇ ਸੰਚਾਲਨ ਨੂੰ ਬਾਹਰੀ ਸੰਚਾਲਨ ਰੁਕਾਵਟਾਂ ਜਿਵੇਂ ਭੂ-ਸਿਆਸੀ ਹਾਲਾਤ ਕਾਰਨ ਲਗਾਤਾਰ ਬਦਲਦੇ ਹਵਾਈ ਖੇਤਰ, ਭਾਰਤ ਤੇ ਵਿਦੇਸ਼ਾਂ ਵਿੱਚ ਹਵਾਈ ਅੱਡਿਆਂ ’ਤੇ ਭੀੜ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਬਿਆਨ ਮੁਤਾਬਕ ਕੋਪਨਹੇਗਨ (ਡੈਨਮਾਰਕ) ਨੂੰ ਆਉਣ ਜਾਣ ਵਾਲੀਆਂ ਉਡਾਣਾਂ 17 ਫਰਵਰੀ ਤੋਂ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੀਆਂ।
ਜਹਾਜ਼ਾਂ ਦੇ ਖੰਭ ਟਕਰਾਉਣ ਦੀ ਜਾਂਚ ਸ਼ੁਰੂ
ਮੁੰਬਈ: ਹਵਾਬਾਜ਼ੀ ਰੈਗੂਲੇਟਰ ਡੀ ਜੀ ਸੀ ਏ ਨੇ ਮੰਗਲਵਾਰ ਰਾਤੀਂ ਮੁੰਬਈ ਹਵਾਈ ਅੱਡੇ ’ਤੇ ਪਾਰਕਿੰਗ ਖੇਤਰ ’ਚ ਜਹਾਜ਼ ਲਾਉਣ ਅਤੇ ਕੱਢਣ ਮੌਕੇ (ਟੈਕਸਿੰਗ) ਦੌਰਾਨ ਏਅਰ ਇੰਡੀਆ ਤੇ ਇੰਡੀਗੋ ਜਹਾਜ਼ਾਂ ਦੇ ਸੱਜੇ ਪਾਸੇ ਵਾਲੇ ਖੰਭ ਆਪਸ ਵਿਚ ਭਿੜਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੌਰਾਨ ਸਵਾਰੀਆਂ ਜਾਂ ਗਰਾਊਂਡ ਸਟਾਫ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਮਗਰੋਂ ਦੋਵੇਂ ਜਹਾਜ਼ਾਂ ਨੂੰ ਜਾਂਚ ਲਈ ਬੇਅ ਵਿਚ ਭੇਜ ਦਿੱਤਾ ਗਿਆ ਹੈ।