ਧਰਮਕੋਟ: ਇੰਗਲੈਂਡ ਭੇਜਣ ਦੇ ਨਾਮ ’ਤੇ ਏਜੰਟ ਦੀ ਠੱਗੀ ਦਾ ਸ਼ਿਕਾਰ ਇੱਕ ਨੌਜਵਾਨ ਦੀ ਲੰਘੀ ਰਾਤ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਜਸਕਰਨ ਸਿੰਘ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਾ ਹੁੰਦਾ ਦੇਖ ਕੁਝ ਦਿਨਾਂ ਤੋਂ ਜਸਕਰਨ ਮਾਨਸਿਕ ਤਣਾਅ ਵਿੱਚ ਸੀ ਤੇ ਲੰਘੀ ਰਾਤ ਸਦਮੇ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਮੋੜ ਸਿੰਘ ਨੇ ਏਜੰਟ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨਾਂ ਦੋਸ਼ ਲਾਇਆ ਕਿ ਨੇ ਆਪਣੇ ਲੜਕੇ ਅਤੇ ਨੂੰਹ ਨੂੰ ਇੰਗਲੈਂਡ ਭੇਜਣ ਲਈ ਧਰਮਕੋਟ ਦੇ ਕਰਵਪਲੱਸ ਇੰਮੀਗ੍ਰੇਸ਼ਨ ਦੇ ਮਾਲਕ ਅਮਨਦੀਪ ਸਿੰਘ ਨੂੰ 16 ਲੱਖ ਰੁਪਏ ਦਿੱਤੇ ਸਨ। ਏਜੰਟ ਨੇ ਦੋਵਾਂ ਨੂੰ ਇੱਕ ਮਹੀਨੇ ਅੰਦਰ ਹੀ ਇੰਗਲੈਂਡ ਭੇਜਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਦੇ ਛੇ ਸਾਲਾਂ ਦੇ ਪੋਤਰੇ ਨੂੰ ਕੁਝ ਸਮੇਂ ਬਾਅਦ ਇੰਗਲੈਂਡ ਭੇਜਿਆ ਜਾਣਾ ਸੀ। ਉਕਤ ਏਜੰਟ ਉਨ੍ਹਾਂ ਨੂੰ ਤਿੰਨ ਸਾਲ ਤੋਂ ਲਾਰਾ ਲਗਾ ਰਿਹਾ ਸੀ ਅਤੇ ਪੈਸੇ ਵੀ ਨਹੀਂ ਮੋੜ ਰਿਹਾ ਸੀ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਆਪਣੀ ਦੋ ਏਕੜ ਜ਼ਮੀਨ ਅਤੇ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਇਹ ਰਾਸ਼ੀ ਏਜੰਟ ਨੂੰ ਦਿੱਤੀ ਸੀ ਕਿ ਬੱਚਿਆਂ ਦੇ ਵਿਦੇਸ਼ ਜਾਣ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਸੁਧਰ ਜਾਵੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਏਜੰਟ ਨੇ ਬੱਚਿਆਂ ਦੇ ਪਾਸਪੋਰਟ ਵਾਪਸ ਕਰ ਦਿੱਤੇ ਪਰ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਅਤੇ ਉਨ੍ਹਾਂ ਦਾ ਪੁੱਤਰ ਜਸਕਰਨ ਪਿਛਲੇ ਕਈ ਦਿਨਾਂ ਤੋਂ ਏਜੰਟ ਦੇ ਚੱਕਰ ਕੱਟ ਰਹੇ ਸਨ। ਏਜੰਟ ਨੇ ਪੈਸੇ ਵਾਪਸ ਨਹੀਂ ਮੋੜੇ। ਪਿਤਾ ਨੇ ਦੱਸਿਆ ਕਿ ਸਦਮੇ ਤੇ ਮਾਨਸਿਕ ਤਣਾਅ ਕਾਰਨ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਉਨ੍ਹਾਂ ਨੇ ਏਜੰਟ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
Posted inMoga
ਵਿਦੇਸ਼ ਜਾਣ ਦਾ ਟੁੱਟਿਆ ਸੁਫ਼ਨਾ: 16 ਲੱਖ ਦੀ ਠੱਗੀ ਦੇ ਸਦਮੇ ਕਾਰਨ ਨੌਜਵਾਨ ਨੇ ਤੋੜਿਆ ਦਮ !

