ਨਵੀਂ ਦਿੱਲੀ: ਕ੍ਰਿਕਟ ਜਗਤ ਦੀ ਸਭ ਤੋਂ ਮਹਿੰਗੀ ਅਤੇ ਵੱਕਾਰੀ ਟੱਕਰ ’ਤੇ ਪਏ ਸਿਆਸੀ ਪਰਛਾਵੇਂ ਹੁਣ ਅਰਬਾਂ ਰੁਪਏ ਦੇ ਨੁਕਸਾਨ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ। 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ ਨਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦਾ ਬਾਈਕਾਟ ਕਰਨ ਦੇ ਪਾਕਿਸਤਾਨ ਦੇ ਫੈਸਲੇ ਨੇ ਪੂਰੇ ਟੂਰਨਾਮੈਂਟ ਦਾ ਮਾਲੀ ਗਣਿਤ ਵਿਗਾੜ ਦਿੱਤਾ ਹੈ। ਮਾਹਿਰਾਂ ਅਨੁਸਾਰ ਇਹ ਮੈਚ ਰੱਦ ਹੋਣ ਨਾਲ ਆਈ ਸੀ ਸੀ ਅਤੇ ਵੱਖ-ਵੱਖ ਹਿੱਸੇਦਾਰਾਂ ਨੂੰ ਤਕਰੀਬਨ 250 ਮਿਲੀਅਨ ਡਾਲਰ (ਕਰੀਬ 2200 ਕਰੋੜ ਰੁਪਏ ਤੋਂ ਵੱਧ) ਦਾ ਨੁਕਸਾਨ ਹੋ ਸਕਦਾ ਹੈ।
ਦੋਵਾਂ ਰਵਾਇਤੀ ਵਿਰੋਧੀਆਂ ਵਿਚਾਲੇ ਤਣਾਅਪੂਰਨ ਸਬੰਧਾਂ ਕਾਰਨ ਉਹ ਸਿਰਫ਼ ਬਹੁ-ਕੌਮੀ ਟੂਰਨਾਮੈਂਟਾਂ ਵਿੱਚ ਹੀ ਆਹਮੋ-ਸਾਹਮਣੇ ਹੁੰਦੇ ਹਨ। ਇਸ ਮੈਚ ਦੀ ਕਮਾਈ ਨੂੰ ਦੇਖਦਿਆਂ ਹੀ ਆਈ ਸੀ ਸੀ ਹਰ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਨੂੰ ਇੱਕੋ ਗਰੁੱਪ ਵਿੱਚ ਰੱਖਦੀ ਹੈ। ਜੇ ਪਾਕਿਸਤਾਨ ਆਪਣੇ ਫੈਸਲੇ ’ਤੇ ਅੜਿਆ ਰਹਿੰਦਾ ਹੈ, ਤਾਂ ਭਾਰਤ ਨੂੰ ਵਾਕਓਵਰ ਮਿਲ ਜਾਵੇਗਾ ਅਤੇ ਪੂਰੇ ਅੰਕ ਹਾਸਲ ਕਰੇਗਾ, ਪਰ ਇਸ ਨਾਲ ਹੋਣ ਵਾਲੇ ਵਿੱਤੀ ਨੁਕਸਾਨ ਦੀ ਭਰਪਾਈ ਮੁਸ਼ਕਿਲ ਹੋ ਜਾਵੇਗੀ।
ਪਾਕਿਸਤਾਨ ਲੈ ਸਕਦੈ ਯੂ-ਟਰਨ: ਗਾਵਸਕਰ
ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਕਿ 15 ਫਰਵਰੀ ਨੂੰ ਭਾਰਤ ਖ਼ਿਲਾਫ਼ ਟੀ-20 ਵਿਸ਼ਵ ਕੱਪ ਦਾ ਮੈਚ ਨਾ ਖੇਡਣ ਦੇ ਫੈਸਲੇ ਤੋਂ ਪਾਕਿਸਤਾਨ ਜਲਦੀ ਹੀ ਯੂ-ਟਰਨ ਲੈ ਸਕਦਾ ਹੈ।
ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਪਾਕਿਸਤਾਨੀ ਕ੍ਰਿਕਟਰ ਸੰਨਿਆਸ ਲੈ ਕੇ ਚਾਰ ਦਿਨਾਂ ਬਾਅਦ ਹੀ ਵਾਪਸ ਆਉਣ ਲਈ ਮਸ਼ਹੂਰ ਹਨ, ਸ਼ਾਇਦ ਇਹ ਫੈਸਲਾ ਵੀ ਕੁਝ ਅਜਿਹਾ ਹੀ ਹੋਵੇ। ਗਾਵਸਕਰ ਨੇ ਆਈ ਸੀ ਸੀ ਨੂੰ ਅਪੀਲ ਕੀਤੀ ਕਿ ਜੇ ਪਾਕਿਸਤਾਨ ਬਿਨਾਂ ਕਿਸੇ ਠੋਸ ਕਾਰਨ ਤੋਂ ਮੈਚ ਨਹੀਂ ਖੇਡਦਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਦੌਰਾਨ ਪਾਕਿਸਤਾਨ ਦੇ ਫੈਸਲੇ ’ਤੇ ਆਈ ਸੀ ਸੀ ਦੀ ਚਿਤਾਵਨੀ ਦਾ ਬੀ ਸੀ ਸੀ ਆਈ ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੇ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ ਸੀ ਸੀ ਨੇ ਖੇਡ ਭਾਵਨਾ ਦਾ ਹਵਾਲਾ ਦੇ ਕੇ ਬਿਲਕੁਲ ਸਹੀ ਕਦਮ ਚੁੱਕਿਆ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਖੇਡਾਂ ਦੇ ਸਿਆਸੀਕਰਨ ਨੂੰ ‘ਸ਼ਰਮਨਾਕ’ ਦੱਸਦਿਆਂ ਕਿਹਾ ਕਿ ਇਸ ਮਸਲੇ ਦਾ ਹੱਲ ਤੁਰੰਤ ਕੱਢਣਾ ਚਾਹੀਦਾ ਹੈ। -ਪੀਟੀਆਈ
ਟੀ-20 ਵਿਸ਼ਵ ਕੱਪ ਲਈ ਪਾਕਿ ਟੀਮ ਕੋਲੰਬੋ ਰਵਾਨਾ
ਕਰਾਚੀ: ਭਾਰਤ ਖ਼ਿਲਾਫ਼ 15 ਫਰਵਰੀ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦੇ ਬਾਈਕਾਟ ਦੇ ਫੈਸਲੇ ’ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਨੇ ਭਾਵੇਂ ਚੁੱਪ ਧਾਰੀ ਹੋਈ ਹੈ, ਪਰ ਟੀਮ ਬਾਕੀ ਮੁਕਾਬਲਿਆਂ ਲਈ ਸੋਮਵਾਰ ਨੂੰ ਕੋਲੰਬੋ ਲਈ ਰਵਾਨਾ ਹੋ ਗਈ ਹੈ। ਸੂਤਰਾਂ ਮੁਤਾਬਕ ਬੋਰਡ ਕੋਲ ਸਰਕਾਰ ਦੇ ਹੁਕਮ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਜੇ ਨਾਕਆਊਟ ਗੇੜ ਵਿੱਚ ਵੀ ਭਾਰਤ ਨਾਲ ਟੱਕਰ ਹੁੰਦੀ ਹੈ ਤਾਂ ਬੋਰਡ ਸਰਕਾਰ ਦੇ ਫੈਸਲੇ ਅਨੁਸਾਰ ਹੀ ਚੱਲੇਗਾ। ਪੀ ਸੀ ਬੀ ਨੇ ਸਰਕਾਰ ਦੇ ਫੈਸਲੇ ਬਾਰੇ ਆਈ ਸੀ ਸੀ ਨੂੰ ਸੂਚਿਤ ਕਰ ਦਿੱਤਾ ਹੈ। ਪਾਕਿਸਤਾਨ ਦੀ ਮੁਹਿੰਮ 7 ਫਰਵਰੀ ਨੂੰ ਨੈਦਰਲੈਂਡਜ਼ ਖ਼ਿਲਾਫ਼ ਸ਼ੁਰੂ ਹੋਣੀ ਹੈ। ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਰਕਾਰ ਨਾਲ ਖੜ੍ਹੇ ਹਨ। ਦੂਜੇ ਪਾਸੇ, ਆਈ ਸੀ ਸੀ ਨੇ ਸੰਕੇਤ ਦਿੱਤਾ ਹੈ ਕਿ ਜੇ ਪਾਕਿਸਤਾਨ ਆਪਣਾ ਫ਼ੈਸਲਾ ਨਹੀਂ ਬਦਲਦਾ ਤਾਂ ਉਸ ਨੂੰ ਵਿਸ਼ਵ ਕੱਪ ਤੋਂ ਮਿਲਣ ਵਾਲੀ ਕਮਾਈ ਦਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

