ਚੰਡੀਗੜ੍ਹ: ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਖਿਲਾਫ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਟੂਰਨਾਮੈਂਟ ਤਾਂ ਖੇਡੇਗੀ ਪਰ ਭਾਰਤ ਨਾਲ ਮੈਚ ਨਹੀਂ ਖੇਡੇਗੀ। ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ICC) ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਭਾਰਤ ਖਿਲਾਫ ਮੈਚ ਦਾ ਬਾਈਕਾਟ ਕਰਨ ਨਾਲ ਕੀ ਹੋਵੇਗਾ?
ਗਰੁੱਪ ਸਟੇਜ ਤੋਂ ਬਾਹਰ ਹੋਣ ਦਾ ਖਤਰਾ
ICC ਦੀਆਂ ਪਲੇਇੰਗ ਕੰਡੀਸ਼ਨਜ਼ ਮੁਤਾਬਕ ਮੈਚ ਦਾ ਬਾਈਕਾਟ ਕਰਨ ਨਾਲ ਪਾਕਿਸਤਾਨ ਦਾ ਆਪਣਾ ਹੀ ਰਨ ਰੇਟ ਖਰਾਬ ਹੋਵੇਗਾ। ਕਲਾਜ਼ 16.10.7 ਵਿੱਚ ਦੱਸਿਆ ਗਿਆ ਹੈ ਕਿ ਅਜਿਹੀ ਸਥਿਤੀ ਵਿੱਚ ਪਾਕਿਸਤਾਨ ਦੇ 20 ਓਵਰਾਂ ਵਿੱਚ ਸਿਫਰ ਦੌੜਾਂ ਹੀ ਮੰਨੀਆਂ ਜਾਣਗੀਆਂ, ਜਦਕਿ ਭਾਰਤ ਦਾ ਇੱਕ ਵੀ ਓਵਰ ਕਾਊਂਟ ਨਹੀਂ ਹੋਵੇਗਾ। ਇਸ ਕਾਰਨ ਪਾਕਿਸਤਾਨ ਦਾ ਰਨ ਰੇਟ ਬਾਕੀ ਮੈਚ ਜਿੱਤ ਕੇ ਵੀ ਨੈਗੇਟਿਵ ਰਹਿ ਸਕਦਾ ਹੈ।
ਗਰੁੱਪ-ਏ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਨਾਮੀਬੀਆ, ਨੀਦਰਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਹਨ। ਜੇਕਰ ਪਾਕਿਸਤਾਨ ਬਾਕੀ 3 ਵਿੱਚੋਂ ਇੱਕ ਵੀ ਮੈਚ ਹਾਰ ਗਿਆ ਤਾਂ ਟੀਮ ਗਰੁੱਪ ਸਟੇਜ ਤੋਂ ਹੀ ਬਾਹਰ ਹੋ ਜਾਵੇਗੀ। ਯਾਦ ਰਹੇ ਕਿ ਪਿਛਲੇ ਵਿਸ਼ਵ ਕੱਪ ਵਿੱਚ ਅਮਰੀਕਾ ਨੇ ਪਾਕਿਸਤਾਨ ਨੂੰ ਹਰਾ ਕੇ ਗਰੁੱਪ ਸਟੇਜ ਤੋਂ ਬਾਹਰ ਕਰ ਦਿੱਤਾ ਸੀ ਅਤੇ ਨੀਦਰਲੈਂਡ ਵੀ ICC ਟੂਰਨਾਮੈਂਟਾਂ ਵਿੱਚ ਵੱਡੇ ਉਲਟਫੇਰ ਕਰਦੀ ਆਈ ਹੈ।
ICC ਵਿਸ਼ਵ ਕੱਪ ਖੇਡਣ ’ਤੇ ਪਾਬੰਦੀ ਲਾ ਸਕਦਾ ਹੈ
ICC ਨੇ ਪਾਕਿਸਤਾਨ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਹੁਣ ICC ਪਾਕਿਸਤਾਨ ਕ੍ਰਿਕਟ ਬੋਰਡ (PCB) ਤੋਂ ਪੁੱਛੇਗਾ ਕਿ ਉਨ੍ਹਾਂ ਨੇ ਬਾਈਕਾਟ ਕਿਉਂ ਕੀਤਾ? ਜੇਕਰ ਪਾਕਿਸਤਾਨ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ICC ਪਾਕਿਸਤਾਨ ’ਤੇ ਇਹ ਵਰਲਡ ਕੱਪ ਖੇਡਣ ਦੀ ਪਾਬੰਦੀ ਵੀ ਲਾ ਸਕਦਾ ਹੈ ਪਰ ਇਸ ਦੀ ਸੰਭਾਵਨਾ ਘਟ ਹੈ।
PSL ਨੂੰ NOC ਨਹੀਂ ਮਿਲੇਗੀ
ਪਾਕਿਸਤਾਨ ਇਸ ਮਾਮਲੇ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਨਹੀਂ ਦੇ ਸਕਦਾ, ਕਿਉਂਕਿ ਪਾਕਿਸਤਾਨ ਦੀ ਟੀਮ ਆਪਣੇ ਸਾਰੇ ਮੈਚ ਭਾਰਤ ਦੀ ਬਜਾਏ ਸ੍ਰੀਲੰਕਾ ਵਿੱਚ ਖੇਡਣ ਵਾਲੀ ਹੈ। ਜੇਕਰ PCB ਨੇ ਬੰਗਲਾਦੇਸ਼ ਨੂੰ ਸਪੋਰਟ ਕਰਨ ਦਾ ਕਾਰਨ ਦਿੱਤਾ ਤਾਂ ਵੀ ICC ਐਕਸ਼ਨ ਲੈ ਸਕਦਾ ਹੈ ਕਿਉਂਕਿ ICC ਨੇ ਪਹਿਲਾਂ ਹੀ PCB ਨੂੰ ਧਮਕੀ ਦਿੱਤੀ ਸੀ ਕਿ ਜੇਕਰ ਬੰਗਲਾਦੇਸ਼ ਨੂੰ ਸਪੋਰਟ ਕੀਤਾ ਤਾਂ ਪਾਕਿਸਤਾਨ ਸੁਪਰ ਲੀਗ (PSL) ਨੂੰ ‘ਨੋ ਆਬਜੈਕਸ਼ਨ ਸਰਟੀਫਿਕੇਟ’ (NOC) ਨਹੀਂ ਮਿਲੇਗਾ।
ਨਾਕਆਊਟ ਸਟੇਜ ਵਿੱਚ ਭਾਰਤ ਸਾਹਮਣੇ ਆਇਆ ਤਾਂ ਪਾਕਿਸਤਾਨ ਕੀ ਕਰੇਗਾ?
ਪਾਕਿਸਤਾਨ ਨੇ ਗਰੁੱਪ ਸਟੇਜ ਵਿੱਚ ਤਾਂ ਭਾਰਤ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਬੋਰਡ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਜੇਕਰ ਨਾਕਆਊਟ (ਸੈਮੀਫਾਈਨਲ ਜਾਂ ਫਾਈਨਲ) ਵਿੱਚ ਟੀਮ ਇੰਡੀਆ ਸਾਹਮਣੇ ਆਈ ਤਾਂ ਪਾਕਿਸਤਾਨ ਦੀ ਟੀਮ ਖੇਡੇਗੀ ਜਾਂ ਨਹੀਂ? ICC ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਤੋਂ ਜਵਾਬ ਮੰਗਿਆ ਜਾਵੇਗਾ। ਜੇਕਰ ਕਾਰਨ ਤਸੱਲੀਬਖਸ਼ ਨਾ ਰਿਹਾ ਤਾਂ PCB ’ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਪਾਕਿਸਤਾਨੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੇ PCB ਦੇ ਫੈਸਲੇ ’ਤੇ ਕਿਹਾ, ‘ਅਸੀਂ ਸਿਰਫ ਵਿਸ਼ਵ ਕੱਪ ਖੇਡਣਾ ਚਾਹੁੰਦੇ ਹਾਂ। ਜੇਕਰ ਸਰਕਾਰ ਨੇ ਕਿਸੇ ਖਾਸ ਟੀਮ ਵਿਰੁੱਧ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ ਤਾਂ ਅਸੀਂ ਉਸ ਦੀ ਪਾਲਣਾ ਕਰਾਂਗੇ। ਸਾਡਾ ਧਿਆਨ ਟੂਰਨਾਮੈਂਟ ਵਿੱਚ ਆਪਣੀ 100% ਖੇਡ ਦਿਖਾਉਣ ’ਤੇ ਹੈ।’
ICC ਤੋਂ ਮੇਜ਼ਬਾਨੀ ਮਿਲਣੀ ਮੁਸ਼ਕਲ
ਪਾਕਿਸਤਾਨ ਨੇ 2025 ਵਿੱਚ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕੀਤੀ ਸੀ। ਪਾਕਿ ਨੂੰ 29 ਸਾਲਾਂ ਬਾਅਦ ਕਿਸੇ ICC ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਸੀ। ਹੁਣ ICC ਪਾਕਿਸਤਾਨ ਨੂੰ ਭਵਿੱਖ ਵਿੱਚ ਮਿਲਣ ਵਾਲੀ ਮੇਜ਼ਬਾਨੀ ਤੋਂ ਵੀ ਹਟਾ ਸਕਦਾ ਹੈ ਕਿਉਂਕਿ ਭਾਰਤ-ਪਾਕਿਸਤਾਨ ਮੈਚ ਨਾਲ ICC ਦੀ ਕਮਾਈ ਵਧਦੀ ਹੈ, ਹੁਣ ਮੈਚ ਨਾ ਹੋਣ ਕਾਰਨ ICC ਦੀ ਕਮਾਈ ਵਿੱਚ ਕਮੀ ਆ ਸਕਦੀ ਹੈ। ਇਸ ਨੁਕਸਾਨ ਦੀ ਭਰਪਾਈ ਲਈ ICC ਹੁਣ ਪਾਕਿਸਤਾਨ ਨੂੰ ਮਿਲਣ ਵਾਲੇ ਸਾਲਾਨਾ ਰੈਵਨਿਊ ਸ਼ੇਅਰ (ਕਮਾਈ ਦਾ ਹਿੱਸਾ) ਨੂੰ ਵੀ ਘਟਾ ਸਕਦਾ ਹੈ।

