ਸੋਨਾ 14,000 ਤੇ ਚਾਂਦੀ 20,000 ਰੁਪਏ ਸਸਤੀ

ਸੋਨਾ 14,000 ਤੇ ਚਾਂਦੀ 20,000 ਰੁਪਏ ਸਸਤੀ

ਨਵੀਂ ਦਿੱਲੀ: ਨਿਵੇਸ਼ਕਾਂ ਦੀ ਭਾਰੀ ਮੁਨਾਫਾ ਵਸੂਲੀ ਅਤੇ ਕੌਮਾਂਤਰੀ ਪੱਧਰ ’ਤੇ ਡਾਲਰ ਮਜ਼ਬੂਤ ਹੋਣ ਕਾਰਨ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 14,000 ਰੁਪਏ (7.65 ਫੀਸਦ) ਹੇਠਾਂ ਆ ਕੇ 1.69 ਲੱਖ ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਣੇ) ’ਤੇ ਆ ਗਿਆ ਹੈ। ਬੀਤੇ ਦਿਨ ਇਹ 1.83 ਲੱਖ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ। ਚਾਂਦੀ ਵੀ 20,000 ਰੁਪਏ (5 ਫੀਸਦ) ਦੀ ਗਿਰਾਵਟ ਨਾਲ 3.84 ਲੱਖ ਰੁਪਏ ਪ੍ਰਤੀ ਕਿਲੋ ’ਤੇ ਆ ਗਈ; ਵੀਰਵਾਰ ਨੂੰ ਇਹ 4.04 ਲੱਖ ਰੁਪਏ ਦੇ ਸਿਖਰ ’ਤੇ ਸੀ। ਐੱਚ ਡੀ ਐੱਫ ਸੀ ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੀਮਤਾਂ ਲਗਾਤਾਰ ਵਧ ਰਹੀਆਂ ਸਨ, ਜਿਸ ਕਾਰਨ ਬਾਜ਼ਾਰ ਵਿੱਚ ਸੁਧਾਰ ਦੀ ਸੰਭਾਵਨਾ ਬਣੀ ਹੋਈ ਸੀ।

ਮੁੰਬਈ: ਭਾਰਤੀ ਰੁਪਿਆ ਅੱਜ 6 ਪੈਸੇ ਦੇ ਸੁਧਾਰ ਨਾਲ 91.93 ਪ੍ਰਤੀ ਡਾਲਰ ’ਤੇ ਬੰਦ ਹੋਇਆ; ਹਾਲਾਂਕਿ ਦਿਨ ਦੇ ਕਾਰੋਬਾਰ ਦੌਰਾਨ ਇਹ 92.02 ਦੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ। ਮਾਹਿਰਾਂ ਮੁਤਾਬਕ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਅਤੇ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਕਾਰਨ ਰੁਪਏ ’ਤੇ ਦਬਾਅ ਬਣਿਆ ਰਿਹਾ।

Share: