Punjab News: ਐੱਸ ਐੱਸ ਪੀ ਵੱਲੋਂ ਪੁਲੀਸ ਫੋਰਸ ਨਾਲ ਨਸ਼ਾ ਛੁਡਾਉ ਕੇਂਦਰ ’ਤੇ ਛਾਪਾ

Punjab News: ਐੱਸ ਐੱਸ ਪੀ ਵੱਲੋਂ ਪੁਲੀਸ ਫੋਰਸ ਨਾਲ ਨਸ਼ਾ ਛੁਡਾਉ ਕੇਂਦਰ ’ਤੇ ਛਾਪਾ
ਰਾੜਾ ਸਾਹਿਬ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਗੁਰ ਕਿਰਪਾ ਫਾਊਂਡੇਸ਼ਨ ਵਿਖੇ ਅਪਰੇਸ਼ਨ ਪ੍ਰਹਾਰ ਮੁਹਿੰਮ ਦੌਰਾਨ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਭਾਰੀ ਪੁਲੀਸ ਟੀਮ ਸਮੇਤ ਛਾਪੇਮਾਰੀ ਕੀਤੀ ਗਈ। ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲੀਸ “ਗੈਂਗਸਟਰਾਂ ਤੇ ਵਾਰ” ਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਇੱਕ ਸਮੇਂ ਕਾਰਵਾਈ ਕਰ ਰਹੀ ਹੈ।
ਇਸ ਦੌਰਾਨ ਗ੍ਰਿਫ਼ਤਾਰ ਅਪਰਾਧੀਆਂ ਦੀ ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਵਿਸ਼ਲੇਸ਼ਣ ਨਾਲ ਇਹ ਗੱਲ ਸਾਹਮਣੇ ਆਈ ਕਿ ਕੁੱਝ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਤ ਨਸ਼ਾ ਛੁਡਾਊ ਕੇਂਦਰ ਜੋ ਕਿ ਐੱਨ ਡੀ ਪੀ ਐੱਸ ਐਕਟ ਅਤੇ ਸੰਬੰਧਿਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਹਨ। ਨਾ ਸਿਰਫ਼ ਨਸ਼ਾ ਪੀੜਤ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ, ਸਗੋਂ ਅਪਰਾਧੀਆਂ ਲਈ ਸੁਰੱਖਿਅਤ ਠਿਕਾਣੇ ਅਤੇ ਅਪਰਾਧ ਪੈਦਾ ਕਰਨ ਵਾਲੇ ਕੇਂਦਰ ਵੀ ਬਣ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਹੁਣ ਤੱਕ ਚਾਰ ਗੈਰ-ਕਾਨੂੰਨੀ ਨਸ਼ਾ ਛੁਡਾਉ ਕੇਂਦਰ ਘੁੰਗਰਾਲੀ ਰਾਜਪੂਤਾਂ, ਗੋਬਿੰਦਪੁਰਾ ਨਵਾਂਪਿੰਡ, ਰਾੜਾ ਸਾਹਿਬ ਨੂੰ ਬੇਨਕਾਬ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਮਾਲਕਾਂ/ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
ਵੇਰਵਿਆਂ ਅਨੁਸਾਰ ਇਸ ਮਾਮਲੇ ਵਿੱਚ 150 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਅਤੇ ਇਨ੍ਹਾਂ ਵਿੱਚ ਕਈ ਵਿਅਕਤੀਆਂ ਤੇ ਹੋਰ ਕੇਸ ਵੀ ਦਰਜ ਹਨ। ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਡੀ ਐੱਸ ਪੀ ਡੀ ਮੋਹਿਤ, ਡੀ ਐੱਸ ਪੀ ਪਾਇਲ ਜਸਬਿੰਦਰ ਸਿੰਘ ਖੈਹਿਰਾ, ਐੱਸ ਐੱਚ ਓ ਮਲੌਦ ਚਰਨਜੀਤ ਸਿੰਘ,  ਐੱਸ ਐੱਚ ਓ ਦੋਰਾਹਾ ਆਕਾਸ ਦੱਤ, ਸਬ: ਇੰਸਪੈਕਟਰ ਜਰਨੈਲ ਸਿੰਘ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਪੁਲੀਸ ਨੇ 2020 ਤੋਂ ਆਰਮਜ ਐਕਟ ਦੇ ਕੇਸ ਵਿੱਚ ਭਗੌੜੇ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ।
Share: